ਬਰਨਾਲਾ: ਅੱਜ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਰਾਜੂ ਨੇ ਦੱਸਿਆ ਕਿ ਦੁਪਿਹਰ ਇੱਕ ਕੁ ਵਜੇ ਦੇ ਕਰੀਬ ਉਨ੍ਹਾਂ ਦੀ ਭੈਣ ਨੂੰ ਸਿਵਲ ਹਸਪਤਾਲ 'ਚੋਂ ਫੋਨ ਆਇਆ ਕਿ ਉਨ੍ਹਾਂ ਦਾ ਭਰਾ ਰਮੇਸ਼ ਕੁਮਾਰ ਐਂਮਰਜੈਂਸੀ 'ਚ ਜ਼ੇਰੇ ਇਲਾਜ ਹੈ। ਜਦ ਉਹ ਆਪਣੇ ਪਿਤਾ ਤੇ ਪਰਿਵਾਰਕ ਮੈਂਬਰਾਂ ਸਮੇਤ ਹਸਪਤਾਲ ਪੁੱਜਾ ਤਾਂ ਐਂਮਰਜੈਂਸੀ 'ਚ ਪਏ ਰਾਮੇਸ਼ ਕੁਮਾਰ ਖੂਨ ਨਾਲ ਲੱਥ-ਪੱਥ ਪਿਆ ਸੀ।


ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਸਾਥੀਆਂ ਨਾਲ ਸਿਵਲ ਹਸਪਤਾਲ ਦੇ ਮਾਲੀ ਦੇ ਲੜਕੇ ਮਨੋਜ਼ ਕੋਲ ਹਸਪਤਾਲ 'ਚ ਆਇਆ ਸੀ। ਇੱਥੇ ਮਨੋਜ ਉਸ ਨੂੰ ਕੋਲਡ ਡਰਿੰਕ ਪਿਲਾ ਕੇ ਹਸਪਤਾਲ ਦੀ ਛੱਤ 'ਤੇ ਲੈ ਗਿਆ। ਇਸ ਉਪਰੰਤ ਉਸ ਦੇ ਪੇਟ 'ਚ ਛੁਰੇ ਨਾਲ ਕਈ ਵਾਰ ਕਰ ਦਿੱਤੇ। ਪੁਲਿਸ ਨੇ ਮ੍ਰਿਤਕ ਦੇ ਭਰਾ ਰਾਜੂ ਦੇ ਬਿਆਨਾਂ 'ਤੇ ਮੌਕੇ ਤੋਂ ਹੀ ਮਾਲੀ ਲੜਕੇ ਮਨੋਜ਼ ਤੇ ਅਰੁਣ ਕੁਮਾਰ, ਨਰੇਸ ਨੂੰ ਕਾਬੂ ਕਰ ਲਿਆ।

ਇਸ ਸਬੰਧੀ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਬਰਨਾਲਾ ਦੇ ਸਿਵਲ ਹਸਪਤਾਲ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ ਆ ਗਈ। ਸੁਰੱਖਿਆ ਕਰਮੀ ਹੋਣ ਦੇ ਬਾਵਜੂਦ ਹਮਲਾਵਰ ਐਮਰਜੈਂਸੀ ਵਾਰਡ ਦੀ ਛੱਤ 'ਤੇ ਕਿਵੇਂ ਚੜ੍ਹੇ। ਇਸ ਮਾਮਲੇ 'ਤੇ ਹਸਪਤਾਲ ਦੇ ਸੀਨੀਅਰ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ।