ਚੰਡੀਗੜ੍ਹ: ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ, ਹਨੀਪ੍ਰੀਤ ਅੱਜ ਪੰਚਕੂਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੀ ਹੈ। ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਅਦਾਲਤ ਵਿੱਚ ਸਰੰਡਰ ਕਰੇਗੀ।


ਉਸ ਨੇ ਕਿਹਾ ਕਿ ਉਹ ਆਪਣੀ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਜਾਵੇਗੀ। ਉਸ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੀਡੀਆ ਤੇ ਹੋਰਾਂ ਨੇ ਉਸ ਦੀ ਗ਼ਲਤ ਪਛਾਣ ਬਣਾ ਦਿੱਤੀ ਹੈ। ਉਸ ਨੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਵਿਰੁੱਧ ਦੇਸ਼ਧ੍ਰੋਹ ਦੀ ਧਾਰਾ ਲਾਉਣੀ ਬੇਬੁਨਿਆਦ ਹੈ।

ਹਨੀਪ੍ਰੀਤ ਨੇ ਕਿਹਾ ਕਿ ਉਹ ਤਾਂ ਰਾਮ ਰਹੀਮ ਨਾਲ ਅਦਾਲਤ ਤਕ ਸਰਕਾਰੀ ਆਗਿਆ ਨਾਲ ਹੀ ਗਈ ਸੀ। ਹਨੀਪ੍ਰੀਤ ਨੇ ਆਪਣੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਤੇ ਕੁਝ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਮੁਖੀ ਤੇ ਉਸ ਦੇ ਨਾਜਾਇਜ਼ ਸਬੰਧ ਹੋਣ ਦਾ ਖੰਡਨ ਵੀ ਕੀਤਾ।

ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਨੀਪ੍ਰੀਤ ਰੂਪੋਸ਼ ਹੋ ਗਈ ਸੀ। ਉਸ ਦੀ ਭਾਲ ਲਈ ਹਰਿਆਣਾ ਪੁਲਿਸ ਨੇ ਕਈ ਸੂਬਿਆਂ ਤੇ ਵਿਦੇਸ਼ ਵਿੱਚ ਛਾਪੇਮਾਰੀ ਤੋਂ ਇਲਾਵਾ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਹਨੀਪ੍ਰੀਤ ਵਿਰੁੱਧ ਡੇਰਾ ਮੁਖੀ ਦੇ ਅਦਾਲਤ 'ਚੋਂ ਭੱਜਣ ਦੀ ਸਾਜਿਸ਼ ਘੜਨ ਦਾ ਇਲਜ਼ਾਮ ਲੱਗਾ ਹੈ। ਉਸ ਨੇ ਪਿਛਲੇ ਹਫ਼ਤੇ ਦਿੱਲੀ ਉੱਚ ਅਦਾਲਤ ਵਿੱਚ ਆਪਣੀ ਅਗਾਊਂ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ।