ਚੰਡੀਗੜ੍ਹ: ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦੇ ਸੁੱਚਾ ਸਿੰਘ ਲੰਗਾਹ ਦੀ ਤਲਾਸ਼ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਗੁਰਦਾਸਪੁਰ ਦੇ ਪੁਲਿਸ ਕਪਤਾਨ ਨੇ ਪੰਜਾਬ ਤੇ ਸੂਬੇ ਦੀ ਰਾਜਧਾਨੀ ਸਮੇਤ ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੀ ਪੁਲਿਸ ਨੂੰ ਉਕਤ ਸੂਚਨਾ ਦੇ ਉਤਾਰੇ ਵੀ ਭੇਜ ਦਿੱਤੇ ਹਨ। ਦੱਸ ਦੇਈਏ ਕਿ ਬੀਤੇ ਕੱਲ੍ਹ ਸਾਬਕਾ ਕੈਬਨਿਟ ਮੰਤਰੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਇਆ ਸੀ। ਪਰ ਅਦਾਲਤ ਨੇ ਉਸ ਦੀ ਅਰਜ਼ੀ ਵਾਪਸ ਮੋੜਦਿਆਂ ਉਸ ਨੂੰ ਗੁਰਦਾਸਪੁਰ ਜਾ ਕੇ ਸਮਰਪਣ ਕਰਨ ਦੀ ਤਾਕੀਦ ਕੀਤੀ ਸੀ।




ਲੰਗਾਹ ਨੇ ਅੱਜ ਸਵੇਰੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਅਦਾਲਤ ਭਲਕੇ ਇਸ ਅਰਜ਼ੀ 'ਤੇ ਸੁਣਵਾਈ ਕਰ ਸਕਦੀ ਹੈ।

ਲੰਗਾਹ ਦੇ ਟਿਕਾਣਿਆਂ ‘ਤੇ ਪਿਛਲੇ 3 ਦਿਨਾਂ ਤੋਂ ਛਾਪਿਆਂ ਦਾ ਦਾਅਵਾ ਕਰਨ ਵਾਲੀ ਗੁਰਦਾਸਪੁਰ ਪੁਲਿਸ ਦੇ ਦਾਅਵਿਆਂ ਦੀ ਵੀ ਉਦੋਂ ਪੋਲ ਖੁੱਲ੍ਹ ਗਈ ਸੀ ਜਦ ਲੰਗਾਹ ਖ਼ੁਦ ਹੀ ਚੰਡੀਗੜ੍ਹ ਸਮਰਪਣ ਕਰਨ ਆ ਪੁੱਜਾ ਅਤੇ ਆਪਣੇ  ਪੈਰਾਂ 'ਤੇ ਚੱਲ ਕੇ ਉੱਥੋਂ ਜਾਣ ਵਿੱਚ ਸਫਲ ਵੀ ਰਿਹਾ। ਆਤਮ-ਸਮਰਪਣ ਕਰਨ ਬਹਾਨੇ ਲੰਗਾਹ ਚੋਣ ਪ੍ਰਚਾਰ ਵੀ ਕਰ ਗਿਆ।

ਬੀਤੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਕਿਹਾ ਸੀ ਕਿ ਗੁਰਦਾਸਪੁਰ ਦੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਐਸ.ਪੀ. ਕੇ.ਡੀ. ਸਿੰਘ ਨੇ ਗੁਰਦਾਸਪੁਰ ਜ਼ਿਮਨੀ ਚੋਣ ਕਾਰਨ ਉਸ ਵਿਰੁੱਧ ਝੂਠਾ ਕੇਸ ਬਣਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਗੁਰਦਾਸਪੁਰ ਪੁਲਿਸ ਨੂੰ ਲੋੜੀਂਦਾ ਸੁੱਚਾ ਸਿੰਘ ਲੰਗਾਹ ਤਕਰੀਬਨ ਡੇਢ ਘੰਟਾ ਚੰਡੀਗੜ੍ਹ ਅਦਾਲਤ ‘ਚ ਹਾਜ਼ਰ ਰਿਹਾ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਲੋੜੀਂਦੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਗੁਰਦਾਸਪੁਰ ਪੁਲਿਸ ਨੇ ਆਪਣੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਲੰਗਾਹ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਪਰ ਹਰ ਵਾਰ ਖਾਲੀ ਹੱਥ ਪਰਤ ਆਈ ਸੀ। ਇੱਧਰ ਲੋੜੀਂਦਾ ਮੁਲਜ਼ਮ ਸੂਬੇ ਦੀ ਰਾਜਧਾਨੀ ਵਿੱਚ ਜਾ ਕੇ ਆਤਮ ਸਮਰਪਣ ਲਈ ਅਦਾਲਤ ਵਿੱਚ ਪੇਸ਼ ਹੋ ਜਾਂਦਾ ਹੈ। ਇਹ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਧਾਰਾ 376 ਇੱਕ ਗ਼ੈਰ ਜ਼ਮਾਨਤਯੋਗ ਧਾਰਾ ਹੈ ਅਤੇ ਇਸ ਲਈ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ, ਜੋ ਹਾਲੇ ਤਕ ਵੀ ਪੰਜਾਬ ਪੁਲਿਸ ਨੇ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਲੰਗਾਹ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੀ 10 ਨੰਬਰ ਕੋਰਟ ਵਿੱਚ ਸਮਰਪਣ ਕਰਨ ਲਈ ਆਇਆ ਸੀ। ਸਾਬਕਾ ਮੰਤਰੀ ਦੇ ਵਕੀਲ ਨੇ ਇੱਥੇ ਅਦਾਲਤ ਨੂੰ ਬੇਨਤੀ ਕੀਤੀ ਸੀ ਉਹ ਲੰਗਾਹ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦੇਵੇ, ਪਰ ਅਦਾਲਤ ਨੇ ਉਸ ਨੂੰ ਗੁਰਦਾਸਪੁਰ ਵਿੱਚ ਹੀ ਆਤਮ ਸਮਰਪਣ ਦੇ ਨਿਰਦੇਸ਼ ਦਿੱਤੇ ਹਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੀ ਇੱਕ ਔਰਤ ਵੱਲੋਂ 8 ਸਾਲ ਤੋਂ ਬਲਾਤਕਾਰ ਕਰਦੇ ਆ ਰਹਿਣ ਦਾ ਇਲਜ਼ਾਮ ਲਾ ਕੇ ਮਾਮਲਾ ਦਰਜ ਕਰਵਾਇਆ ਸੀ। ਪੀੜਤ ਔਰਤ ਨੇ ਪੁਲਿਸ ਨੂੰ ਸਬੂਤ ਵਜੋਂ ਇੱਕ ਵੀਡੀਓ ਵੀ ਦਿੱਤੀ ਸੀ। ਉਹੀ ਵੀਡੀਓ ਹੋਣ ਦਾ ਦਾਅਵਾ ਕਰ ਕੇ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।

ਦੱਸਣਾ ਬਣਾਦ ਹੈ ਕਿ ਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ। ਪੀੜਤਾ ਮੁਤਾਬਕ ਨੌਕਰੀ ਦੀ ਜ਼ਰੂਰਤ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।

ਪੀੜਤਾ ਨੇ ਸ਼ਿਕਾਇਤ ਵਿੱਚ ਸੁੱਚਾ ਸਿੰਘ ਲੰਗਾਹ ‘ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਸਨ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਵੀ ਲਾਏ ਸਨ।