ਚੰਡੀਗੜ੍ਹ: ਪੰਜਾਬ ਪੁਲਿਸ ਨੇ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਹੇ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੰਜਬ ਪੁਲਿਸ ਨੇ ਅੱਜ 38 ਦਿਨਾਂ ਬਾਅਦ ਹਨੀਪ੍ਰੀਤ ਗ੍ਰਿਫਤਾਰ ਕਰ ਕੇ ਹਰਿਆਣਾ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ।


ਹਾਲਾਂਕਿ, ਹਰਿਆਣਾ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਵਿੱਚ ਪੰਜਾਬ ਪੁਲਿਸ ਨੇ ਕੋਈ ਭੂਮਿਕਾ ਨਿਭਾਈ ਹੈ। ਇਸ ਸਮੇਂ ਹਨੀਪ੍ਰੀਤ ਹਰਿਆਣਾ ਪੁਲਿਸ ਦੀ ਹਿਰਾਸਤ ਵਿੱਚ ਹੈ। ਹਨੀਪ੍ਰੀਤ ਨੂੰ ਜ਼ੀਰਕਪੁਰ-ਪਟਿਆਲਾ ਸੜਕ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਅੱਜ ਸਵੇਰੇ ਇਹ ਖ਼ਬਰਾਂ ਆਈਆਂ ਸਨ ਕਿ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ, ਪੰਚਕੂਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੀ ਹੈ। ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਸੀ ਕਿ ਉਹ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਅਦਾਲਤ ਵਿੱਚ ਸਰੰਡਰ ਕਰੇਗੀ।

ਉਸ ਨੇ ਕਿਹਾ ਸੀ ਕਿ ਉਹ ਆਪਣੀ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਜਾਵੇਗੀ। ਉਸ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੀਡੀਆ ਤੇ ਹੋਰਾਂ ਨੇ ਉਸ ਦੀ ਗ਼ਲਤ ਪਛਾਣ ਬਣਾ ਦਿੱਤੀ ਹੈ। ਉਸ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਵਿਰੁੱਧ ਦੇਸ਼ਧ੍ਰੋਹ ਦੀ ਧਾਰਾ ਲਾਉਣੀ ਬੇਬੁਨਿਆਦ ਹੈ।

ਹਨੀਪ੍ਰੀਤ ਨੇ ਕਿਹਾ ਕਿ ਉਹ ਤਾਂ ਰਾਮ ਰਹੀਮ ਨਾਲ ਅਦਾਲਤ ਤਕ ਸਰਕਾਰੀ ਆਗਿਆ ਨਾਲ ਹੀ ਗਈ ਸੀ। ਹਨੀਪ੍ਰੀਤ ਨੇ ਆਪਣੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਤੇ ਕੁਝ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਮੁਖੀ ਤੇ ਉਸ ਦੇ ਨਾਜਾਇਜ਼ ਸਬੰਧ ਹੋਣ ਦਾ ਖੰਡਨ ਵੀ ਕੀਤਾ।

ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਨੀਪ੍ਰੀਤ ਰੂਪੋਸ਼ ਹੋ ਗਈ ਸੀ। ਉਸ ਦੀ ਭਾਲ ਲਈ ਹਰਿਆਣਾ ਪੁਲਿਸ ਨੇ ਕਈ ਸੂਬਿਆਂ ਤੇ ਵਿਦੇਸ਼ ਵਿੱਚ ਛਾਪੇਮਾਰੀ ਤੋਂ ਇਲਾਵਾ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਹਨੀਪ੍ਰੀਤ ਵਿਰੁੱਧ ਡੇਰਾ ਮੁਖੀ ਦੇ ਅਦਾਲਤ ‘ਚੋਂ ਭੱਜਣ ਦੀ ਸਾਜਿਸ਼ ਘੜਨ ਦਾ ਇਲਜ਼ਾਮ ਲੱਗਾ ਹੈ। ਉਸ ਨੇ ਪਿਛਲੇ ਹਫ਼ਤੇ ਦਿੱਲੀ ਉੱਚ ਅਦਾਲਤ ਵਿੱਚ ਆਪਣੀ ਅਗਾਊਂ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ।

ਤਫ਼ਸੀਲ ਲਈ ਉਡੀਕ ਕਰੋ।