ਜੰਮੂ-ਕਸ਼ਮੀਰ: ਸ਼੍ਰੀਨਗਰ ਏਅਰਪੋਰਟ ਕੋਲ ਬੀਐਸਐਫ ਦੀ 182ਵੀਂ ਬਟਾਲੀਅਨ 'ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ 'ਚ ਹੁਣ ਤੱਕ ਇਹ ਪਤਾ ਲੱਗਾ ਹੈ ਕਿ ਬੀਐਸਐਫ ਦਾ ਇੱਕ ਅਸਿਸਟੈਂਟ ਸਬ ਇੰਸਪੈਕਟਰ ਸ਼ਹੀਦ ਹੋ ਗਿਆ ਹੈ। ਹਮਲੇ 'ਚ ਬੀਐਸਐਫ ਦੇ ਦੋ ਤੇ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੈ। ਸੁਰੱਖਿਆ ਫੋਰਸਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹਮੰਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।


ਅੱਤਵਾਦੀਆਂ ਨੇ ਸਵੇਰੇ 4.30 ਵਜੇ ਦੇ ਕਰੀਬ ਬੀਐਸਐਫ ਕੈਂਪ 'ਚ ਵੜਣ ਦੀ ਕੋਸ਼ਿਸ਼ ਕੀਤੀ। ਇਸ ਦਾ ਪਤਾ ਚੱਲਦੇ ਹੀ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬੀਐਸਐਫ ਜਵਾਨਾਂ ਨੇ ਮੋਰਚਾ ਪੂਰੀ ਤਰ੍ਹਾਂ ਸੰਭਾਲ ਲਿਆ ਹੈ। ਫਿਲਹਾਲ ਮੁਠਭੇੜ ਜਾਰੀ ਹੈ। ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਇੱਕ ਬਿਲਡਿੰਗ 'ਚ ਲੁਕੇ ਹੋਏ ਹਨ। ਉਸ ਬਿਲਡਿੰਗ ਦੇ ਚਾਰੇ ਪਾਸੇ ਸੀਆਰਪੀਐਫ, ਬੀਐਸਐਫ ਦੇ ਜਵਾਨ ਤਾਇਨਾਤ ਹਨ।

ਪੁਲਿਸ ਆਈਜੀ ਮੁਨੀਰ ਖਾਨ ਨੇ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣਨ ਤੋਂ ਬਾਅਦ ਅਸੀਂ ਐਕਸ਼ਨ ਸ਼ੁਰੂ ਕੀਤਾ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ। ਹਮਲੇ ਨੂੰ ਵੇਖਦੇ ਹੋਏ ਸ਼੍ਰੀਨਗਰ ਹਾਈਵੇ ਤੇ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਸੀ। ਸਾਰੇ ਇਲਾਕੇ 'ਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।