Hoshiarpur News: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਗੜ੍ਹਦੀਵਾਲਾ ਵਿਖੇ ਦੋ ਨੌਸਰਬਾਜ਼ ਔਰਤਾਂ ਨੇ ਬੈਂਕ ਵਿੱਚ ਅਜਿਹਾ ਕਾਰਾ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਨ੍ਹਾਂ ਔਰਤਾਂ ਨੂੰ ਬਜ਼ੁਰਗ ਦੇ ਨਾਲ ਅਜਿਹਾ ਕਰਦੇ ਹੋਏ ਜਮਾ ਤਰਸ ਨਹੀਂ ਆਇਆ। ਇਹ ਸਾਰੀ ਵਾਰਦਾਤ ਪੰਜਾਬ ਨੈਸ਼ਨਲ ਬੈਂਕ 'ਚ ਮੰਗਲਵਾਰ ਦੇ ਦਿਨ ਵਾਪਰੀ। ਜਿੱਥੇ ਦਿਨ-ਦਿਹਾੜੇ 2 ਅਣਪਛਾਤੀਆਂ ਔਰਤਾਂ ਇੱਕ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਉਸ ਕੋਲੋਂ 1 ਲੱਖ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਈਆਂ।



ਔਰਤਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਬੈਂਕ ’ਚ ਕਾਫੀ ਭੀੜ ਸੀ ਅਤੇ ਬਜ਼ੁਰਗ ਕੈਸ਼ ਕਾਊਂਟਰ ਤੋਂ ਇਕ ਲੱਖ ਰੁਪਏ ਕਢਵਾ ਕੇ ਪਲਾਸਟਿਕ ਵਾਲੇ ਲਿਫਾਫੇ ’ਚ ਪਾ ਕੇ ਬੈਂਕ ਦੇ ਦੂਜੇ ਕਾਊਂਟਰ ’ਤੇ ਐਂਟਰੀ ਕਰਵਾ ਰਿਹਾ ਸੀ। ਔਰਤਾਂ ਬਜ਼ੁਰਗ ਦੇ ਹੱਥ ’ਚ ਫੜੇ ਰੁਪਇਆਂ ਵਾਲੇ ਲਿਫਾਫੇ ਨੂੰ ਬੜੀ ਹੁਸ਼ਿਆਰੀ ਨਾਲ ਬਲੇਡ ਨਾਲ ਕੱਟ ਕੇ ਉਸ ਵਿੱਚੋਂ 1 ਲੱਖ ਰੁਪਏ ਕੱਢ ਕੇ ਭੱਜ ਗਈਆਂ। ਇਸ ਘਟਨਾ ਤੋਂ ਬਾਅਦ ਬੈਂਕ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।


ਫਿਰ ਬੈਂਕ 'ਚ ਲੱਗੇ ਸੀਸੀਟੀਵੀ ਕੈਮਰੇ ਨੂੰ ਦੇਖਿਆ ਤਾਂ ਦੋਵੇਂ ਔਰਤਾਂ ਦੀਆਂ ਸਾਰੀ ਕਰਤੂਤ ਸਾਹਮਣੇ ਆ ਗਈ। ਇਨ੍ਹਾਂ ਔਰਤਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਸਮੇਂ ਬੈਂਕ ’ਚ ਕੋਈ ਵੀ ਗਾਰਡ ਮੌਜੂਦ ਨਹੀਂ ਸੀ। ਇਸ ਸਬੰਧੀ ਸੇਵਾਮੁਕਤ ਅਧਿਆਪਕ ਗੁਰਮੀਤ ਸਿੰਘ ਵਾਸੀ ਜੈਨ ਕਾਲੋਨੀ ਵਾਰਡ ਨੰਬਰ-1 ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ 'ਚ 1 ਲੱਖ ਰੁਪਏ ਕਢਵਾਉਣ ਗਿਆ ਸੀ। ਕੈਸ਼ ਕਾਊਂਟਰ ਤੋਂ ਪੈਸੇ ਕਢਵਾਉਣ ਤੋਂ ਬਾਅਦ ਜਦੋਂ ਉਹ ਦੂਜੇ ਕਾਊਂਟਰ ’ਤੇ ਬੈਂਕ ਦੀ ਕਾਪੀ ’ਤੇ ਐਂਟਰੀ ਕਰਵਾ ਕੇ ਬਾਹਰ ਆਇਆ ਤਾਂ ਲਿਫਾਫਾ ਕੱਟਿਆ ਹੋਇਆ ਸੀ ਅਤੇ ਉਸ ਵਿੱਚੋਂ ਇਕ ਲੱਖ ਰੁਪਏ ਦੀ ਨਕਦੀ ਗਾਇਬ ਸੀ। ਇਸ ਦੀ ਸੂਚਨਾ ਤੁਰੰਤ ਉਸ ਨੇ ਬੈਂਕ ਅਧਿਕਾਰੀਆਂ ਅਤੇ ਪੁਲਿਸ ਨੂੰ ਦਿੱਤੀ।



ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੈਂਕ ਅਧਿਕਾਰੀਆਂ ਨਾਲ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ। ਕੈਮਰੇ 'ਚ ਜਦੋਂ ਗੁਰਮੀਤ ਸਿੰਘ ਕਾਊਂਟਰ ’ਤੇ ਆਪਣੀ ਕਾਪੀ ’ਤੇ ਐਂਟਰੀ ਕਰ ਰਿਹਾ ਸੀ ਤਾਂ ਇਕ ਔਰਤ ਬਜ਼ੁਰਗ ਦੇ ਇਕ ਪਾਸੇ ਤੇ ਦੂਜੀ ਔਰਤ ਪਿੱਛੇ ਖੜ੍ਹੀ ਦਿਖਾਈ ਦੇ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੈਂਕ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਔਰਤਾਂ ਦੀਆਂ ਤੇਜ਼ੀ ਨਾਲ ਬੈਂਕ ਤੋਂ ਬਾਹਰ ਜਾਂਦੇ ਹੋਏ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ। ਇਸ ਸਬੰਧੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਫ਼ ਹੁੰਦੀ ਹੈ ਕਿ ਇਸ ਘਟਨਾ ਨੂੰ ਕੈਮਰੇ 'ਚ ਕੈਦ ਔਰਤਾਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ, ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।