ਚੰਡੀਗੜ੍ਹ: ਕੋਰੋਨਾ ਵਾਇਰਸ ਜਿਸ ਨੇ ਪੂਰੀ ਦੁਨੀਆਂ ਦੀ ਚਾਲ 'ਤੇ ਵਿਰ੍ਹਾਮ ਲਾ ਦਿੱਤਾ। ਦੁਨੀਆਂ 'ਚ ਵੱਡੀ ਤੋਂ ਵੱਡੀ ਅਰਥ-ਵਿਵਸਥਾ ਨੂੰ ਡਾਵਾਂਡੋਲ ਕਰ ਦਿੱਤਾ। ਇਸ ਵਾਇਰਸ ਤੋਂ ਨਿਜਾਤ ਪਾਉਣ ਲਈ ਦੁਨੀਆਂ ਭਰ 'ਚ ਲੌਕਡਾਊਨ ਲਾਇਆ ਗਿਆ। ਪੰਜਾਬ 'ਚ ਵੀ ਪਿਛਲੀ 23 ਮਾਰਚ ਤੋਂ ਲਗਾਤਾਰ ਕਰਫ਼ਿਊ ਜਾਰੀ ਹੈ। ਅਜਿਹੇ 'ਚ ਤਿੰਨ ਮਈ ਨੂੰ ਲੌਕਡਾਊਨ 'ਚ ਰਿਆਇਤਾਂ ਦੇਣ ਸਬੰਧੀ ਵਿਚਾਰ ਕਰਨ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ। ਇਹ ਵੀ ਵਿਚਾਰਿਆ ਗਿਆ ਕਿ ਇਸ ਸੰਕਟ ਵਿੱਚੋਂ ਪੰਜਾਬ ਨੂੰ ਬਾਹਰ ਕਿਵੇਂ ਕੱਢਣਾ ਹੈ।
ਮਾਹਿਰਾਂ ਕਮੇਟੀ ਨੇ ਮੁਸ਼ਕਲ ਘੜੀ 'ਚ ਵਿਚਾਰ-ਵਟਾਂਦਰਾਂ ਕਰਦਿਆਂ ਜੀਐਸਟੀ ਮੁਆਵਜ਼ੇ ਦੀ ਮਿਆਦ 2022 ਤੋਂ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਅਜਿਹਾ ਨਾ ਹੋਣ 'ਤੇ ਸੂਬੇ ਨੂੰ ਦਸ ਹਜ਼ਾਰ ਕਰੋੜ ਦਾ ਸਾਲਾਨਾ ਨੁਕਸਾਨ ਹੋ ਸਕਦਾ ਹੈ। 15ਵੇਂ ਵਿੱਤੀ ਕਮਿਸ਼ਨ ਨੇ 7600 ਕਰੋੜ ਰੁਪਏ ਦੇ ਰੈਵੇਨਿਊ ਡੇਫੀਸ਼ੀਏਟ ਗ੍ਰਾਂਟ ਤੈਅ ਕੀਤੀ ਹੈ ਤੇ ਇਸ ਨੂੰ ਵਧਾਉਣ ਲਈ ਕੇਂਦਰ ਕੋਲ ਮਾਮਲਾ ਚੁੱਕਣ ਲਈ ਕਿਹਾ ਗਿਆ ਹੈ।
ਕੋਰੋਨਾ ਤੋਂ ਬਾਅਦ ਕਰਜ਼ ਲੈਣ ਦੀ ਸੀਮਾ ਜੀਡੀਪੀ ਦੇ ਚਾਰ ਫੀਸਦ ਤਕ ਕਰਨ ਲਈ ਕਿਹਾ ਗਿਆ ਹੈ। ਹੋਟਲ, ਰੈਸਟੋਰੈਂਟ ਜੋ ਕੋਰੋਨਾ ਦਾ ਸਭ ਤੋਂ ਵੱਡਾ ਸ਼ਿਕਾਰ ਹੋਣਗੇ ਉਨ੍ਹਾਂ 'ਤੇ ਬਿਜਲੀ ਚਾਰਜਸ ਕਮਰਸ਼ੀਅਲ ਦੀ ਬਜਾਇ ਇੰਡਸਟਰੀਅਲ ਵਾਲੇ ਲਾਉਣ ਲਈ ਕਿਹਾ ਗਿਆ ਹੈ। ਸ਼ਰਾਬ ਦੇ ਠੇਕਿਆਂ ਤੋਂ ਹੋਣ ਵਾਲੀ 6000 ਕਰੋੜ ਰੁਪਏ ਦੀ ਆਮਦਨ ਦੇ ਸਰੋਤ ਨੂੰ ਸਾਂਭਿਆਂ ਜਾਵੇ। ਬੇਸ਼ੱਕ ਸ਼ਰਾਬ ਵਿਕ ਰਹੀ ਹੈ, ਸਰਕਾਰ ਨੂੰ ਕੁਝ ਨਹੀਂ ਮਿਲ ਰਿਹਾ।
ਮਾਹਿਰਾਂ ਦੀ ਇਸ ਕਮੇਟੀ 'ਚ ਚੇਅਰਮੈਨ ਕੇਆਰ ਲਖਨਪਾਲ, ਐਨਐਸ ਸੰਧੂ, ਡੀਐਸ ਕਲ੍ਹਾ ਕਨਵੀਨਰ, ਡਾ. ਸਵਰਾਜਬੀਰ, ਮਨਮੋਹਨ ਲਾਲ ਸਰੀਨ, ਡਾ. ਕੇਕੇ ਤਲਵਾਰ, ਡਾ. ਰਾਜਬਹਾਦਰ, ਡਾ.ਰਾਜੇਸ਼ ਕੁਮਾਰ, ਅਜੇ ਵੀਰ ਜਾਖੜ, ਭੁਪੇਂਦਰ ਸਿੰਘ ਮਾਨ, ਐਸਪੀ ਓਸਵਾਲ, ਰਾਜਿੰਦਰ ਗੁਪਤਾ, ਏਐਸ ਮਿੱਤਲ, ਗੌਤਮ ਕਪੂਰ, ਭਵਦੀਪ ਸਰਦਾਨਾ, ਅਸ਼ੋਕ ਸੇਠੀ, ਬੀਐਸ ਢਿੱਲੋਂ, ਐਸਕੇ ਦਾਸ, ਡਾ.ਜੇਐਸ ਸੰਧੂ, ਅਰੁਣਜੀਤ ਮਿਗਲਾਨੀ ਸ਼ਾਮਲ ਹਨ।