ਫ਼ਿਰੋਜ਼ਪੁਰ: ਬੀਤੀ 14 ਤਾਰੀਖ਼ ਨੂੰ ਆਪਣੇ ਪੇਕੇ ਘਰੋਂ ਅਗ਼ਵਾ ਹੋਈ ਪ੍ਰਵਾਸੀ ਭਾਰਤੀ ਮੁਟਿਆਰ ਰਵਨੀਤ ਕੌਰ ਦੀ ਲਾਸ਼ ਬੀਤੇ ਦਿਨ ਜ਼ਿਲ੍ਹੇ ਵਿੱਚੋਂ ਵਗਦੀ ਭਾਖੜਾ ਨਹਿਰ 'ਚੋਂ ਮਿਲੀ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਮ੍ਰਿਤਕਾ ਦੇ ਐਨਆਰਆਈ ਪਤੀ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਵਿੱਚ ਰਵਨੀਤ ਦਾ ਪਤੀ ਜਸਪ੍ਰੀਤ ਸਿੰਘ (ਆਸਟ੍ਰੇਲੀਆ), ਕਿਰਨਜੀਤ ਕੌਰ (ਆਸਟ੍ਰੇਲੀਆ), ਤਰਨਜੀਤ ਕੌਰ ਵਾਸੀ ਸਮਾਣਾ ਤੇ ਸੰਦੀਪ ਸਿੰਘ ਵਾਸੀ ਸਮਾਣਾ ਸ਼ਾਮਲ ਹਨ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਮ੍ਰਿਤਕਾ ਰਵਨੀਤ ਕੌਰ ਦੇ ਪਿਤਾ ਹਰਜਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਆਪਣੇ ਪਿੱਛੇ ਚਾਰ ਸਾਲ ਦੀ ਧੀ ਛੱਡ ਗਈ ਹੈ, ਜੋ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਹੈ। ਕਤਲ ਸਮੇਂ ਵੀ ਰਵਨੀਤ ਕੌਰ ਗਰਭਵਤੀ ਸੀ ਅਤੇ ਪੰਜ ਕੁ ਮਹੀਨਿਆਂ ਵਿੱਚ ਉਹ ਫਿਰ ਤੋਂ ਮਾਂ ਬਣਨ ਵਾਲੀ ਸੀ।
ਆਸਟ੍ਰੇਲੀਆ ਤੋਂ ਆਪਣੇ ਪੇਕੇ ਘਰ ਆਈ ਰਵਨੀਤ ਕੌਰ ਨੂੰ 14 ਮਾਰਚ ਨੂੰ ਉਸ ਦੇ ਪਿੰਡ ਬੱਗੇ ਕੇ ਪਿੱਪਲ ਸਥਿਤ ਘਰੋਂ ਕੁਝ ਅਣਪਛਾਤਿਆਂ ਨੇ ਅਗ਼ਵਾ ਕਰ ਲਿਆ ਸੀ। ਮ੍ਰਿਤਕਾ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਵਨੀਤ ਨੂੰ ਉਸ ਦੇ ਪਤੀ ਦਾ ਫ਼ੋਨ ਆਇਆ ਤੇ ਗੱਲ ਕਰਦੀ ਉਹ ਘਰ ਤੋਂ ਕੁਝ ਦੂਰ ਚਲੀ ਗਈ। ਉਦੋਂ ਹੀ ਅਣਪਛਾਤੇ ਮੁਲਜ਼ਮਾਂ ਨੇ ਉਸ ਨੂੰ ਅਗ਼ਵਾ ਕਰ ਲਿਆ। ਉਸੇ ਦਿਨ ਥਾਣਾ ਆਰਿਫ਼ ਕੇ ਵਿੱਚ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ।
ਐਸਐਸਪੀ ਗੋਇਲ ਨੇ ਦੱਸਿਆ ਕਿ ਇਸ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮ ਕਿਰਨਜੋਤ ਕੌਰ (ਆਸਟ੍ਰੇਲੀਆ) ਦੀ ਭੈਣ ਤਰਨਜੀਤ ਕੌਰ ਤੇ ਸੰਦੀਪ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਤਰਨਜੀਤ ਨੇ ਮੰਨਿਆ ਕਿ ਇਹ ਕਤਲ ਚਾਰਾਂ ਰਵਨੀਤ ਦੇ ਪਤੀ ਜਸਪ੍ਰੀਤ ਤੇ ਕਿਰਨਜੀਤ ਦੀ ਮਿਲੀਭੁਗਤ ਨਾਲ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਰਵਨੀਤ ਦੇ ਪਤੀ ਜਸਪ੍ਰੀਤ ਸਿੰਘ ਨੇ ਆਪਣੀ ਪਤਨੀ ਦੀ ਹੱਤਿਆ ਦੀ ਸਾਜ਼ਿਸ਼ ਆਸਟ੍ਰੇਲੀਆ ਵਿੱਚ ਹੀ ਘੜੀ ਸੀ। ਉਸ ਨੇ ਸਾਜ਼ਿਸ਼ ਤਹਿਤ ਆਪਣੀ ਪ੍ਰੇਮਿਕਾ ਕਿਰਨਜੋਤ ਕੌਰ ਨੂੰ ਵੀ ਭਾਰਤ ਭੇਜਿਆ ਪਰ ਕਤਲ ਮਗਰੋਂ ਉਹ ਵਾਪਸ ਆਸਟ੍ਰੇਲੀਆ ਭੱਜ ਗਈ।