ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਨਸ਼ਿਆਂ ਖਿਲਾਫ ਐਕਸ਼ਨ ਸ਼ੁਰੂ ਕਰ ਦਿੱਤਾ ਹੈ ਪਰ ਇਸ ਵਿਚਾਲੇ ਇੱਕ ਨਸ਼ਾ ਤਸਕਰ ਮਹਿਲਾ ਦਾ ਆਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਹਿਲਾ ਨਸ਼ਾ ਵੇਚਣ ਬਾਰੇ ਗੱਲ ਕਰ ਰਹੀ ਹੈ। ਹਾਲਾਂਕਿ ਆਡੀਓ ਵਾਇਰਲ ਹੋਣ ਮਗਰੋਂ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਆਡੀਓ ਵਿੱਚ ਮਹਿਲਾ ਕਹਿ ਰਹੀ ਸੀ ਕਿ , "ਮੇਰੇ ਘਰ ਚਿੱਟਾ ਪੀਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ 'ਚ ਦਮ ਹੈ ਰੋਕ ਕੇ ਦਿਖਾਏ। ਭਗਵੰਤ ਮਾਨ ਦਾ ਨਾ ਮੈਨੂੰ ਅੱਜ ਕੋਈ ਡਰ ਹੈ ਨਾ ਕੱਲ੍ਹ

ਔਰਤ ਦੀ ਪਛਾਣ ਵੀਰਪਾਲ ਕੌਰ ਉਰਫ ਵੀਰਾ ਵਾਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਮਾਰਚ ਮਹੀਨੇ ਵਿੱਚ ਬਣੀ ਇਹ ਆਡੀਓ 10 ਮਈ ਤੋਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਣੀ ਸ਼ੁਰੂ ਹੋ ਗਈ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਔਰਤ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ।

ਵਾਇਰਲ ਆਡੀਓ 'ਚ ਔਰਤ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲ ਇਸ਼ਾਰਾ ਕਰਦੀ ਹੈ ਤੇ ਕਹਿੰਦੀ ਹੈ ਕਿ ਜੇਕਰ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਸਾਰਿਆਂ ਨੂੰ ਬੇਨਕਾਬ ਕਰੇਗੀ। ਮਹਿਲਾ ਨੇ ਕਿਹਾ ਜਿਹੜੀ ਕਮੇਟੀ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਲਈ ਬਣਾਈ ਗਈ ਹੈ, ਉਸੇ ਕਮੇਟੀ ਨੇ ਭੁੱਕੀ ਬੀਜੀ ਹੈ, ਨਸ਼ਾ ਚਾਹੇ ਚਿੱਟੇ ਦਾ ਹੋਵੇ ਜਾਂ ਚੂਰਾਪੋਸਤ ਦਾ ਹੋਵੇ।

ਥਾਣਾ ਬਾਘਾਪੁਰਾਣਾ ਦੇ ਇੰਚਾਰਜ ਸਬ-ਇੰਸਪੈਕਟਰ ਨੇ ਦੱਸਿਆ ਕਿ ਭੁੱਕੀ ਦੀ ਬਿਜਾਈ ਸਬੰਧੀ ਆਡੀਓ ਵਿੱਚ ਔਰਤ ਜਿਸ ਵਿਅਕਤੀ ਬਾਰੇ ਗੱਲ ਕਰ ਰਹੀ ਹੈ, ਉਹ ਕੇਵਲ ਸਿੰਘ ਸੀ। ਪੁਲਿਸ ਨੇ ਉਸ ਦੇ ਘਰ ਦੀ ਜਾਂਚ ਕੀਤੀ ਪਰ ਉਥੇ ਚੂਰਾਪੋਸਤ ਵੇਚਣ ਵਰਗੀ ਕੋਈ ਚੀਜ਼ ਨਹੀਂ ਮਿਲੀ।

ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ, ਇਸ ਕਮੇਟੀ ਨੇ ਦਾਅਵਾ ਕੀਤਾ ਕਿ ਉਹ ਪਿੰਡ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦੇਵੇਗੀ। ਇਸ ਕਮੇਟੀ ਨੂੰ ਉਸ ਔਰਤ ਨੇ ਚੁਣੌਤੀ ਦਿੱਤੀ ਸੀ, ਜਿਸ ਦੀ ਆਡੀਓ ਵਾਇਰਲ ਹੋਈ ਹੈ।

ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 1 ਮਈ ਤੋਂ ਹੁਣ ਤੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀਰਪਾਲ ਦਾ ਭਰਾ ਨਸ਼ੇ ਦੀ ਤਸਕਰੀ ਕਰਦਾ ਹੈ। ਪੁਲਿਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 1 ਮਈ ਤੋਂ ਹੁਣ ਤੱਕ ਨਸ਼ਾ ਤਸਕਰਾਂ ਵਿਰੁੱਧ 131 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 192 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।