ਲੁਧਿਆਣਾ: ਲੋਕ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਵੀ ਭਾਰੂ ਹੈ। ਲੁਧਿਆਣਾ ਵਿੱਚ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਜਿੱਤ ਗਏ ਤਾਂ ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਕਰਵਾਉਣਗੇ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ, ਚਿੱਟਾ ਤੇ ਟੀਕਿਆਂ ਦੀ ਆਦਤ ਤੋਂ ਛੁਟਕਾਰਾ ਮਿਲੇਗਾ।

ਟੀਟੂ ਬਾਣੀਆਂ ਨੇ ਨਾਅਰਾ ਲਾਇਆ ਹੈ ਕਿ ‘ਪਾਰਟੀਆਂ ਨੂੰ ਵੋਟ ਪਾਓਗੇ, ਬਰਬਾਦੀ ਮਿਲੇਗੀ, ਆਜ਼ਾਦ ਨੂੰ ਵੋਟ ਪਾਓ, ਆਜ਼ਾਦੀ ਮਿਲੇਗੀ’। ਟੀਟੂ ਬਾਣੀਆ ਨੇ ਮੰਗਲਵਾਰ ਨੂੰ ਖਸਖਸ ਦਾ ਹਾਰ ਗਲੇ ਵਿੱਚ ਪਾ ਕੇ ਆਪਣਾ ਨਾਮਜ਼ਦਗੀ ਪੱਤਰ ਭਰਿਆ। ਉਨ੍ਹਾਂ ਇਸ ਦੌਰਾਨ ਖਸਖਸ ਦੀ ਖੇਤੀ ਕਰਨ ਦੀ ਮੰਗ ਕੀਤੀ ਤੇ ਨਾਮਜ਼ਦਗੀ ਭਰ ਕੇ ਸੁਨੇਹਾ ਦਿੱਤਾ ਕਿ ਜੇਕਰ ਉਹ ਜਿੱਤ ਗਿਆ ਤਾਂ ਉਹ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਵਾਉਣਗੇ।

ਲੁਧਿਆਣਾ ਵਿੱਚ ਨਾਮਜ਼ਦਗੀ ਸ਼ੁਰੂ ਹੋਣ ਦੇ ਪਹਿਲੇ ਦਿਨ ਕਾਮੇਡੀਅਨ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ ਨੇ ਆਪਣੀ ਨਾਮਜ਼ਦਗੀ ਭਰੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਟੀਟੂ ਬਾਣੀਆਂ ਨੂੰ 1519 ਵੋਟਾਂ ਪਈਆਂ ਸਨ, ਪਰ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਲੁਧਿਆਣਾ ਦੀ ਸੀਟ ਉਹੀ ਜਿੱਤਣਗੇ।

ਨਾਮਜ਼ਦਗੀ ਦੌਰਾਨ ਟੀਟੂ ਬਾਣੀਆ ਦੇ ਗ਼ਲੇ ’ਚ ਪਾਏ ਖਸਖਸ ਦੇ ਹਾਰ ਨੇ ਸਾਰਿਆਂ ਦਾ ਧਿਆਨ ਖਿੱਚਿਆ। ਟੀਟੂ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੇ ਇਹ ਹਾਰ ਬਣਾਇਆ ਤੇ ਉਨ੍ਹਾਂ ਦੇ ਗ਼ਲੇ ’ਚ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਉਹ ਪੰਜਾਬ ’ਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਵਕਾਲਤ ਕਰ ਰਹੇ ਹਨ।

ਟੀਟੂ ਬਾਣੀਆ ਨੇ ਕਿਹਾ ਕਿ ਉਸ ਕੋਲ ਨਾਮਜ਼ਦਗੀ ਲਈ 25 ਹਜ਼ਾਰ ਰੁਪਏ ਫੀਸ ਜਮ੍ਹਾਂ ਕਰਵਾਉਣ ਜੋਗੇ ਪੈਸੇ ਨਹੀਂ ਸਨ। ਉਸ ਨੇ ਬੱਚਿਆਂ ਦੀ ਗੱਲਾ ਤੋੜ ਕੇ ਫੀਸ ਦਾ ਪ੍ਰਬੰਧ ਕੀਤਾ ਤੇ ਉਨ੍ਹਾਂ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ।