ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਮੰਗਲਵਾਰ ਨੂੰ 34ਵੇਂ ਦਿਨ 'ਚ ਦਾਖਲ ਹੋ ਗਿਆ। ਇਸ ਪ੍ਰਦਰਸ਼ਨ 'ਚ ਕਿਸਾਨਾਂ ਦੇ ਨਾਲ ਵੱਖ-ਵੱਖ ਵਰਗਾਂ ਨੇ ਵੀ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸੰਗਰੂਰ ਜ਼ਿਲ੍ਹੇ ਦਾ ਇੱਕ ਸਰਕਾਰੀ ਸਕੂਲ ਟੀਚਰ 225 ਕਿਲੋਮੀਟਰ ਸਾਇਕਲ ਚਲਾ ਕੇ ਟਿਕਰੀ ਬਾਰਡਰ ਪਹੁੰਚੇ। ਟੀਚਰ ਮਨੋਜ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕੀ ਉਹ ਕਿਸਾਨ ਅੰਦੋਲਨ ਨਾਲ ਜੁੜਨ।
ਮਨੋਜ ਨੇ ਕਿਹਾ," ਕਿਸਾਨ ਪਿਛਲੇ ਤਿੰਨ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਹ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ 'ਚ ਤੇ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਹਨ। ਮੈਂ ਸੰਗਰੂਰ, ਪੰਜਾਬ ਤੋਂ ਇਥੇ ਪਹੁੰਚਿਆ ਹਾਂ, ਕਿਸਾਨਾਂ ਦਾ ਸਮਰਥਨ ਕਰਨ ਤੇ ਉਨ੍ਹਾਂ ਨਾਲ ਇਕਜੁੱਟਤਾ ਦਰਸਾਉਣ ਲਈ 225 ਕਿਲੋਮੀਟਰ ਦੀ ਸਾਈਕਲ ਯਾਤਰਾ ਕਰਕੇ ਆਇਆ ਹਾਂ। ਜੇ ਇਹ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਤਾਂ ਸਾਡੇ ਲਈ ਇਹ ਕਾਨੂੰਨ "ਵਿਨਾਸ਼ਕਾਰੀ" ਹੋਣਗੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਅੰਦੋਲਨ 'ਚ ਹਿੱਸਾ ਲੈਣ।"ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇੱਕ ਹੋ ਕੇ ਕਿਸਾਨਾਂ ਦੀ ਜਿੱਤ ਲਈ ਇਸ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ। ਇਹ ਅੰਦੋਲਨ ਇੱਕ ਲੋਕ ਹਿੱਤ ਲਹਿਰ ਹੈ ਤੇ ਜੇਕਰ ਕਿਸਾਨ ਹਾਰ ਜਾਂਦੇ ਹਨ ਤਾਂ ਦੇਸ਼ ਹਾਰ ਜਾਏਗਾ।"