ਗਗਨਦੀਪ ਸ਼ਰਮਾ


 


ਅੰਮ੍ਰਿਤਸਰ: ਸਿਆਸਤ ਦੇ ਰੰਗ ਵੀ ਨਿਆਰੇ ਹਨ, ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਿਛਲੇ ਇਕ ਦਹਾਕੇ ਤੋਂ 36 ਦਾ ਅੰਕੜਾ ਰਿਹਾ ਹੈ, ਤੇ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਦੂਜੀ ਵਾਰੀ ਮੁੱਖ ਮੰਤਰੀ ਬਣੇ ਤਾਂ ਪ੍ਰਤਾਪ ਬਾਜਵਾ ਉਸ ਤੋਂ ਪਹਿਲਾਂ ਹੀ ਰਾਜ ਸਭਾ ਮੈਂਬਰ ਬਣ ਚੁੱਕੇ ਸਨ ਪਰ ਦੂਰੀਆਂ ਬਰਕਰਾਰ ਰਹੀਆਂ। ਹੁਣ ਕੈਪਟਨ ਤੇ ਸਿੱਧੂ ਵਿਚਾਲੇ ਕਾਂਗਰਸ ਦੋ ਹਿੱਸਿਆਂ 'ਚ ਵੰਡੇ ਜਾਣ ਤੋਂ ਬਾਅਦ ਅਚਨਚੇਤ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋਟੀ (ਦੋਸਤੀ) ਸਿਰੇ ਚੜਦੀ ਨਜ਼ਰ ਆ ਰਹੀ ਹੈ।ਇਸ ਦਾ ਅਸਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੁਰਦਾਸਪੁਰ ਜਿਲੇ 'ਚ ਕੀਤੇ ਸਮਾਗਮਾਂ 'ਚ ਵੀ ਨਜਰ ਆਇਆ।


ਬਾਜਵਾ ਦੇ ਸਮਾਗਮਾ 'ਚ ਹਰੇਕ ਵਿਭਾਗ ਦੇ ਜ਼ਿਲ੍ਹੇ ਦੇ ਚੋਟੀ ਦੇ ਅਧਿਕਾਰੀ ਸਮੇਤ SSP ਨਜ਼ਰ ਆ ਰਹੇ ਸੀ, ਜੋ ਬਹੁਤ ਕੁਝ ਬਿਆਨ ਵੀ ਕਰਦਾ ਹੈ ਤੇ ਜਨਤਾ 'ਤੇ ਪ੍ਰਭਾਵ ਪਾਉਣ ਲਈ ਵੀ ਮਾਫਕ ਹਨ। ਸ਼ਨਿਚਰਵਾਰ ਨੂੰ ਬਟਾਲਾ ਤੇ ਫਤਹਿਗੜ੍ਹ ਚੂੜੀਆਂ ਹਲਕਿਆਂ 'ਚ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਰਵਾਏ ਸਿਆਸੀ ਸਮਾਗਮਾਂ 'ਚ ਇਹ ਗੱਲ ਪੂਰੀ ਤਰ੍ਹਾਂ ਦੇਖਣ ਨੂੰ ਮਿਲੀ, ਜਿੱਥੇ ਬਟਾਲਾ ਦੇ SSP ਤੇ ਬਾਕੀ SP ਬਾਜਵਾ ਦੇ ਸਮਾਗਮਾ 'ਚ ਦਿਸੇ।ਉਥੇ ਹੀ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਬਾਜਵਾ ਦੇ ਸਮਾਗਮਾਂ 'ਚ ਖੁੱਲ ਕੇ ਨਜ਼ਰ ਆ ਰਹੇ ਸੀ।ਜਦਕਿ ਇਸ ਤੋਂ ਪਹਿਲਾਂ ਕੈਪਟਨ ਤੇ ਬਾਜਵਾ 'ਚ 36 ਦਾ ਅੰਕੜਾ ਸੀ ਤੇ ਬਾਜਵਾ ਕੈਪਟਨ ਸਰਕਾਰ ਦੀ ਆਲੋਚਨਾ ਅਕਸਰ ਖੁੱਲਕੇ ਕਰਦੇ ਸਨ।



ਉਸ ਵੇਲੇ ਗੁਰਦਾਸਪੁਰ ਜ਼ਿਲ੍ਹੇ 'ਚ ਬਾਜਵਾ ਦੇ ਆਉਣ 'ਤੇ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਕੰਨੀ ਕਤਰਾਉਂਦੇ ਸਨ ਤੇ ਹੋਰ ਤਾਂ ਹੋਰ ਸੁਰੱਖਿਆ ਲਈ ਪੁਲਿਸ ਵੱਲੋਂ ਦੋ ਹਵਲਦਾਰ ਭੇਜ ਕੇ ਬੁੱਤਾ ਸਾਰ ਦਿੱਤਾ ਜਾਂਦਾ ਸੀ। 2002 ਤੋਂ 2007 ਬਾਜਵਾ ਕੈਪਟਨ ਦੀ ਵਜਾਰਤ 'ਚ ਪਾਵਰਫੁੱਲ ਕੈਬਨਿਟ ਵਜੀਰ ਰਹੇ ਸਨ, ਉਸ ਵੇਲੇ ਵੀ ਬਾਜਵੇ ਦੀ ਗੁਰਦਾਸਪੁਰ ਸਣੇ ਪੂਰੇ ਮਾਝੇ 'ਚ ਤੂਤੀ ਬੋਲਦੀ ਸੀ। ਪਰ 2017 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਬਾਜਵਾ ਸਰਕਾਰ ਦਾ ਅਨੰਦ ਲੈਣੋ ਸਾਢੇ ਚਾਰ ਸਾਲ ਵਾਂਝੇ ਰਹੇ, ਕਿਉਂਕਿ ਗੁਰਦਾਸਪੁਰ, ਪਠਾਨਕੋਟ ਤੇ ਬਟਾਲੇ 'ਚ ਅਧਿਕਾਰੀ ਕੈਬਨਿਟ ਵਜੀਰਾਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਦੋ ਸਾਲ ਲਈ ਲੋਕ ਸਭਾ ਮੈਂਬਰ ਰਹੇ ਸੁਨੀਲ ਜਾਖੜ ਦੀ ਮਰਜ਼ੀ ਮੁਤਾਬਿਕ ਲੱਗਦੇ ਰਹੇ।



ਨਵਜੋਤ ਸਿੱਧੂ ਦੇ ਪੀਸੀਸੀ ਦੇ ਪ੍ਰਧਾਨ ਬਣਨ ਤੋਂ ਬਾਅਦ ਬਾਜਵਾ ਤੇ ਕੈਪਟਨ ਨੇੜੇ ਆਏ ਹਨ ਜਦਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਿੱਧੂ ਕੈਂਪ ਦੇ ਮੋਹਰੀ ਲਫਟੈਨ ਬਣ ਗਏ ਹਨ। ਪ੍ਰਤਾਪ ਸਿੰਘ ਬਾਜਵਾ ਕਾਹਨੂੰਵਾਨ ਤੋਂ 1992, 2002 ਅਤੇ 2007 ਵਿਧਾਇਕ ਬਣਦੇ ਰਹੇ ਹਨ। ਹਲਕਾਬੰਦੀ ਹੋਣ ਕਾਰਨ 2012 'ਚ ਕਾਹਨੂੰਵਾਨ ਹਲਕਾ ਖਤਮ ਹੋ ਗਿਆ ਸੀ ਤੇ ਬਾਜਵਾ ਦੀ ਧਰਮਪਤਨੀ ਕਾਦੀਆਂ ਹਲਕੇ ਤੋਂ ਵਿਧਾਇਕਾ ਬਣੇ ਸੀ, ਕਿਉਂਕਿ ਬਾਜਵਾ 2009 'ਚ ਭਾਜਪਾ ਦੇ ਚੋਟੀ ਦੇ ਉਮੀਦਵਾਰ ਵਿਨੋਦ ਖੰਨਾ ਨੂੰ ਲੋਕ ਸਭਾ ਚੋਣਾਂ 'ਚ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ ਸਨ ਤੇ ਫਿਰ 2016 'ਚ ਬਾਜਵਾ ਰਾਜ ਸਭਾ ਮੈਂਬਰ ਬਣੇ, ਜੋ ਅਪ੍ਰੈਲ 2022 ਤਕ ਰਹਿਣਗੇ ਪਰ ਬਾਜਵਾ ਨੇ ਹੁਣ ਫਿਰ ਪੰਜਾਬ ਦੀ ਰਾਜਨੀਤੀ 'ਚ ਪੈਰ ਧਰਨ ਦਾ ਫੈਸਲਾ ਲਿਆ ਹੈ।


ਕਾਦੀਆਂ ਤੋਂ ਬਾਜਵਾ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਵਿਧਾਇਕ ਹਨ ਤੇ ਪ੍ਰਤਾਪ ਬਾਜਵਾ ਕਾਦੀਆਂ ਨੂੰ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੀ ਕਿਸੇ ਸੀਟ ਤੋਂ ਵਿਧਾਨ ਸਭਾ ਚੋਣ ਲੜਨਾ ਚਾਹੁੰਦੇ ਹਨ ਤੇ ਬਾਜਵਾ ਦੀ ਬਹੁਤੀ ਅੱਖ ਬਟਾਲਾ ਹਲਕੇ 'ਤੇ ਹੈ ਤੇ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਤਾਪ ਸਿੰਘ ਬਾਜਵਾ ਨਾਲ ਸਹਿਮਤ ਆ ਰਹੇ ਹਨ ਜਿਸ ਤਹਿਤ ਪ੍ਰਤਾਪ ਸਿੰਘ ਬਾਜਵਾ ਧੜਾਧੜ ਪ੍ਰੋਗਰਾਮ ਕਰਕੇ ਲੋਕਾਂ ਨਾਲ ਨੇੜਤਾ ਵਧਾ ਰਹੇ ਹਨ ਤੇ ਬਾਜਵਾ ਦੇ ਸਾਥੀਆਂ ਨੂੰ ਜਿੱਥੇ ਪੰਜਾਬ ਸਰਕਾਰ ਬਟਾਲੇ 'ਚ ਚੈਅਰਮੈਨੀਆਂ ਦੇ ਰਹੀ ਹੈ, ਉਥੇ ਹੀ ਬਾਜਵਾ ਦੀ ਸਿਫਾਰਸ਼ 'ਤੇ ਬਟਾਲਾ 'ਚ ਉਪਰੋਂ ਲੈ ਕੇ ਹੇਠਾਂ ਤਕ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ। 


ਅਸ਼ਵਨੀ ਸ਼ੇਖੜੀ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਇਸ ਵਾਰ ਵੀ ਹਿੰਦੂ ਚਿਹਰਾ ਹੋਣ ਕਰਕੇ ਦਾਵੇਦਾਰ ਹਨ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤਾਂ ਲਗਾਤਾਰ ਬਟਾਲੇ 'ਚ ਸਰਗਰਮ ਰਹੇ।ਪਰ ਮੌਜੂਦਾ ਸਮੇਂ ਬਾਜਵਾ ਦੇ ਮੁਤਾਬਕ ਮਾਹੌਲ ਬੁਣਿਆ ਜਾ ਰਿਹਾ ਹੈ। ਸੇਖੜੀ ਤ੍ਰਿਪਤ ਦੀ ਦਖਲਅੰਦਾਜੀ ਤੋਂ ਇੱਥੋ ਤਕ ਅੋਖੇ ਸਨ ਕਿ ਅਕਾਲੀ ਦਲ 'ਚ ਸ਼ਾਮਲ ਹੋਣ ਤਕ ਦੀ ਨੌਬਤ ਆ ਗਈ ਸੀ।ਪਰ ਕੈਪਟਨ ਅਮਰਿੰਦਰ ਸਿੰਘ ਨੇ ਸੇਖੜੀ ਨੂੰ ਐਡਜਸਟ ਕਰ ਕੇ ਰੋਕ ਲਿਆ ਸੀ ਤੇ ਹੁਣ ਸੇਖੜੀ ਨੇ ਹਾਲੇ ਤਕ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧ ਨਹੀਂ ਕੀਤਾ ਕਿਉਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਜਵਾ-ਕੈਪਟਨ-ਸੇਖੜੀ ਨੇ ਗੱਲ ਤੈਅ ਕਰ ਲਈ ਹੈ ਕਿ ਜੇਕਰ ਬਾਜਵਾ ਵਿਧਾਨ ਸਭਾ ਬਟਾਲਾ ਤੋਂ ਲੜਨਗੇ ਤਾਂ ਸੇਖੜੀ 2024 'ਚ ਲੋਕ ਸਭਾ ਦੇ ਕਾਂਗਰਸ ਦੇ ਉਮੀਦਵਾਰ ਹੋਣਗੇ।


ਹਾਲਾਂਕਿ ਬਾਜਵਾ ਨੂੰ ਪੁੱਛਣ 'ਤੇ ਉਨਾਂ ਪਾਰਟੀ ਹਾਈਕਮਾਂਡ 'ਤੇ ਗੱਲ ਛੱਡਣ ਲਈ ਆਖਿਆ। ਬਾਜਵਾ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ 'ਚ ਮੋਹਰੀ (ਕੈਪਟਨ ਮੁਤਾਬਿਕ) ਭੁਮਿਕਾ ਨਿਭਾ ਰਹੇ ਹਨ। ਦੂਜੇ ਪਾਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਆਪੋ ਆਪਣੇ ਹਲਕਿਆਂ 'ਚ ਸਰਗਰਮ ਹਨ।