Punjab News: ਪਿਛਲੇ ਕੁੱਝ ਸਮੇਂ ਤੋਂ ਪੁਲਿਸ ਕਰਮੀਆਂ ਉੱਤੇ ਹਮਲੇ ਹੋ ਰਹੇ ਹਨ। ਹੁਣ ਇੱਕ ਹੋਰ ਨਵਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਭੀੜ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰ ਦਿੱਤਾ ਗਿਆ। ਹੁਸ਼ਿਆਰਪੁਰ ਵਿੱਚ ਦੇਰ ਰਾਤ ਸੂਚਨਾ ਮਿਲਣ 'ਤੇ ਮੁਹੱਲਾ ਸੁੰਦਰ ਨਗਰ ਪਹੁੰਚੀ ਪੁਲਿਸ ਪਾਰਟੀ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਪ੍ਰਵਾਸੀ ਲੋਕ ਆਪਸ ਵਿੱਚ ਲੜ ਰਹੇ ਸਨ, ਜਦੋਂ ਪੁਲਿਸ ਨੇ ਵਿਚ-ਵਿਚਾਲੇ ਜਾ ਕੇ ਬਚਾਅ ਕਰਨ ਅਤੇ ਉਨ੍ਹਾਂ ਨੂੰ ਛੁੜਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਭੀੜ ਨੇ ਪੁਲਿਸ ਦੇ ਮੁਲਾਜ਼ਮਾਂ 'ਤੇ ਹੀ ਹਮਲਾ ਕਰ ਦਿੱਤਾ। ਸਿਵਲ ਕੱਪੜੇ ਪਹਿਨੇ ਇੱਕ ਪੁਲਿਸ ਮੁਲਾਜ਼ਮ ਦੇ ਕਪੜੇ ਫਾੜ ਦਿੱਤੇ ਗਏ। ਜਿਸ ਤੋਂ ਬਾਅਦ ਦੋ ਮੁਲਾਜ਼ਮ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਸੂਚਨਾ ਮਿਲਣ 'ਤੇ ਚੌਕੀ ਇੰਚਾਰਜ ਵੱਲੋਂ ਭਾਰੀ ਪੁਲਿਸ ਫੋਰਸ ਮੌਕੇ 'ਤੇ ਭੇਜੀ ਗਈ।


ਹੋਰ ਪੜ੍ਹੋ : 8th Pay Commission ਦਾ UPS ਪੈਨਸ਼ਨ 'ਤੇ ਕੀ ਅਸਰ ਪਵੇਗਾ, ਸੇਵਾਮੁਕਤ ਕਰਮਚਾਰੀਆਂ ਨੂੰ ਕਿੰਨਾ ਮਿਲੇਗਾ ਫਾਇਦਾ?



ਤਿੰਨ ਪੁਲਿਸ ਕਰਮੀ ਜ਼ਖਮੀ ਹੋ ਗਏ


ਡੀਐਸਪੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮੁਹੱਲਾ ਸੁੰਦਰ ਨਗਰ ਵਿੱਚ ਲੜਾਈ ਹੋ ਰਹੀ ਹੈ। ਤਿੰਨ ਮੁਲਾਜ਼ਮ ਮੌਕੇ ਉੱਤੇ ਗਏ। ਜਦੋਂ ਉਹ ਵਿੱਚ ਵਿਚਾਲੇ ਬਚਾਅ ਕਰ ਰਹੇ ਸਨ ਤਾਂ ਉੱਥੇ ਇੱਕਠੀ ਹੋਈ ਭੀੜ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤਿੰਨ ਕਰਮਚਾਰੀ ਜ਼ਖਮੀ ਹੋਏ ਹਨ।


ਇਸੇ ਦੌਰਾਨ ਇੱਕ ਬਜ਼ੁਰਗ ਔਰਤ ਵੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ। ਉਸ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸਦੇ ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਬੁਜ਼ੁਰਗ ਮਹਿਲਾ 'ਤੇ ਡੰਡੇ ਨਾਲ ਵਾਰ ਕੀਤਾ ਜਿਸ ਕਰਕੇ ਉਹ ਜ਼ਖਮੀ ਹੋਈ। ਇਸ ਤੋਂ ਬਾਅਦ ਮੁਹੱਲੇ ਦੇ ਵਾਸੀਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ।



ਜਲੰਧਰ ਵਿੱਚ ਵੀ ਪੁਲਿਸ ਪਾਰਟੀ ਉੱਤੇ ਹੋਇਆ ਹਮਲਾ


ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਵੀ ਸਾਹਮਣੇ ਆਇਆ, ਜਿੱਥੇ ਪਤੀ-ਪਤਨੀ ਵਿਚਕਾਰ ਹੋਏ ਝਗੜੇ ਤੋਂ ਬਾਅਦ ਲਾਠੀਮਾਰ ਮੁਹੱਲੇ ਵਿੱਚ ਨੋਟਿਸ ਦੇਣ ਗਈ ਪੁਲਿਸ ਟੀਮ 'ਤੇ ਮੁਹੱਲੇ ਦੇ 2 ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਬਦਮਾਸ਼ਾਂ ਨੇ ਸਬ ਇੰਸਪੈਕਟਰ ਬਲਜੀਤ ਸਿੰਘ ਤੇ ਉਸ ਦੇ ਨਾਲ ਆਏ ਕਰਮਚਾਰੀ ਦੀ ਵਰਦੀ ਵੀ ਪਾੜ ਦਿੱਤੀ।