ਚੰਡੀਗੜ੍ਹ: ਜੇਕਰ ਪੁਲਿਸ ਹਿਰਾਸਤ 'ਚ ਮੁਲਜ਼ਮ ਦੀ ਮੌਤ ਹੁੰਦੀ ਹੈ ਤਾਂ ਅਫਸਰਾਂ ਦੀ ਸ਼ਾਮਤ ਆਏਗੀ। ਪੰਜਾਬ ਪੁਲਿਸ ਦੇ ਵਧੀਕ ਮੁਖੀ (ਏਡੀਜੀਪੀ) ਨੇ ਐਸਐਸਪੀਜ਼ ਤੇ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣੇ ਜੂਨੀਅਰ ਅਫਸਰਾਂ ਨੂੰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਹਿਣ। ਏਡੀਜੀਪੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ’ਚ ਕਿਸੇ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਜਾਂ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਤਾਂ ਇਸ ਲਈ ਸੀਨੀਅਰ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਦੱਸ ਦਈਏ ਕਿ ਲੰਘੀ 7 ਮਾਰਚ ਨੂੰ ਫਾਜ਼ਿਲਕਾ ਦੀ ਲਾਧੂਕਾ ਮੰਡੀ ਦੇ ਥਾਣੇ ’ਚ ਇੱਕ ਕਬਾੜੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਇੱਕ ਏਐਸਆਈ ਤੇ ਇੱਕ ਸੀਨੀਅਰ ਸਿਪਾਹੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਅਗਲੇ ਦਿਨ 8 ਮਾਰਚ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ’ਚ ਲੁੱਟ-ਖੋਹ ਕੇਸ ਦੇ ਮੁਲਜ਼ਮ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਕਰਕੇ ਇਹ ਮਾਮਲਾ ਗਰਮਾਇਆ ਹੋਇਆ ਹੈ।

ਹਾਸਲ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਅੰਦਰ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਪੰਜਾਬ ਦਾ ਤੀਜਾ ਸਥਾਨ ਹੈ। ਸਭ ਤੋਂ ਪਹਿਲਾਂ ਸਥਾਨ ਉੱਤਰ ਪ੍ਰਦੇਸ਼ ਤੇ ਦੂਜਾ ਸਥਾਨ ਬਿਹਾਰ ਦਾ ਹੈ। ਸਾਲ 2021 ਵਿੱਚ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਲੋਕ ਸਭਾ ’ਚ ਦੱਸਿਆ ਸੀ ਕਿ ਯੂਪੀ ਵਿੱਚ ਸਭ ਤੋਂ ਵੱਧ 126 ਕੈਦੀਆਂ ਦੀ ਮੌਤ ਪੁਲਿਸ ਦੀ ਹਿਰਾਸਤ ਵਿੱਚ ਹੋਈ ਹੈ। ਇਸ ਤੋਂ ਬਾਅਦ ਬਿਹਾਰ (58) ਤੇ ਪੰਜਾਬ (32) ਦਾ ਨੰਬਰ ਹੈ। ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਇਸ ਸਮੇਂ 24 ਹਜ਼ਾਰ ਦੇ ਕਰੀਬ ਕੈਦੀ ਹਨ।

ਏਡੀਜੀਪੀ ਨੇ ਕਿਹਾ, ‘ਇਹ ਇੱਕ ਗੰਭੀਰ ਮਸਲਾ ਹੈ ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਸੀਨੀਅਰ ਅਫਸਰਾਂ ਵੱਲੋਂ ਥਾਣਿਆਂ ਦੀ ਨਿਗਰਾਨੀ ਨਹੀਂ ਕੀਤੀ ਜਾਂਦੀ।’ ਇਨ੍ਹਾਂ ਹਦਾਇਤਾਂ ਵਿੱਚ ਸੀਨੀਅਰ ਅਫਸਰਾਂ ਨੂੰ ਸਾਰੇ ਡੀਐਸਪੀਜ਼, ਐਸਐੈਚਓ ਤੇ ਥਾਣਾ ਮੁਖੀਆਂ ਨੂੰ ਚੌਕਸ ਰਹਿਣ ਤੇ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਦੀ ਨਿਯਮਾਂ ਅਨੁਸਾਰ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਏਡੀਜੀਪੀ ਨੇ ਕਿਹਾ, ‘ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਸੀਨੀਅਰ ਅਫਸਰ ਕਾਨੂੰਨ ਅਨੁਸਾਰ ਕਾਰਵਾਈ ਕਰਨ।’