Punjab News: ਪੈਸੇ ਦੀ ਦੌੜ ਵਿੱਚ ਪੰਜਾਬ ਦੇ ਕਿਸਾਨ ਜ਼ਹਿਰ ਦੀ ਖਤਰਨਾਕ ਖੇਡ ਖੇਡਣ ਲੱਗੇ ਹਨ। ਕਿਸਾਨਾਂ ਵੱਲੋਂ ਗੈਰ ਕੁਦਰਤੀ ਤਰੀਕੇ ਨਾਲ ਮੂੰਗੀ ਦੀ ਫਸਲ ਦੇ ਪੱਤੇ ਸੁਕਾਉਣ ਲਈ ‘ਪੈਰਾਕੁਆਟ’ ਦਾ ਸਪਰੇਅ ਕੀਤਾ ਜਾ ਰਿਹਾ ਹੈ ਜੋ ਫ਼ਸਲ ਤੇ ਸਿਹਤ ਲਈ ਨੁਕਸਾਨਦੇਹ ਦੱਸੀ ਜਾ ਰਹੀ ਹੈ। ਇਸ ਦੀ ਵਰਤੋਂ ਨਾਲ ਕਿਡਨੀ ਤੇ ਲਿਵਰ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ।


 


ਦੱਸ ਦਈਏ ਕਿ ਪੰਜਾਬ ਜਿੱਥੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਫ਼ਸਲਾਂ ਉਪਰ ਕੀਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਦੀ ਵਧੇਰੇ ਵਰਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਮੌਜੂਦਾ ਸਮੇਂ ਵਿੱਚ ਕਿਸਾਨਾਂ ਵਿੱਚ ਮੂੰਗੀ ਦੀ ਫ਼ਸਲ ਨੂੰ ਕੁਦਰਤੀ ਤੌਰ ’ਤੇ ਪੱਕਣ ਦੀ ਥਾਂ ਸੁਕਾਉਣ ਦਾ ਨਵਾਂ ਰੁਝਾਨ ਚੱਲਿਆ ਹੈ ਜੋ ਬੇਹੱਦ ਖਤਰਨਾਕ ਹੈ। ਖੇਤੀਬਾੜੀ ਮੰਤਰੀ ਨੇ ਵੀ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਹੈ।




ਹਾਸਲ ਜਾਣਕਾਰੀ ਮੁਤਾਬਕ ਝੋਨਾ ਲਗਾਉਣ ਦੀ ਕਾਹਲੀ ਕਰਕੇ ਕਿਸਾਨ ਮੂੰਗੀ ਦੀ ਫ਼ਸਲ ਛੇਤੀ ਵੱਢਣ ਲਈ ਕਾਹਲੇ ਹਨ ਕਿਉਂਕਿ ਮੌਨਸੂਨ ਸਿਰ ’ਤੇ ਹੈ। ਕਿਸਾਨ ਮੂੰਗੀ ਨੂੰ ਵੱਢ ਕੇ ਸੁਕਾਉਣ ਦੀ ਥਾਂ ਖੇਤ ਵਿੱਚ ਖੜ੍ਹੀ ਫ਼ਸਲ ਉਪਰ ਧੜਾਧੜ ‘ਪੈਰਾਕੁਆਟ’ ਦੀ ਵਰਤੋਂ ਕਰ ਰਹੇ ਹਨ। ਇਸ ਦੇ ਛਿੜਕਾਅ ਦੇ 24 ਤੋਂ 72 ਘੰਟਿਆਂ ਦਰਮਿਆਨ ਫ਼ਸਲ ਦੇ ਪੱਤੇ ਸੁੱਕ ਜਾਂਦੇ ਹਨ ਜਦਕਿ ਇਸ ਉਪਰ ਕੇਰਲਾ ਰਾਜ ਸਣੇ ਕਈ ਦੇਸ਼ਾਂ ਵਿੱਚ ਪਾਬੰਦੀ ਹੈ।



ਸੂਤਰਾਂ ਮੁਤਾਬਕ ‘ਪੈਰਾਕੁਆਟ’ ਨਦੀਨਾਂ ਦੇ ਖਾਤਮੇ ਲਈ ਬਣੀ ਹੈ ਪਰ ਕਿਸਾਨ ਖੇਤ ਵਿਚ ਖੜ੍ਹੀ ਆਲੂ ਤੇ ਮੂੰਗੀ ਦੀ ਫ਼ਸਲ ਸੁਕਾਉਣ ਲਈ ਇਸ ਦੀ ਵਰਤੋਂ ਕਰਨ ਲੱਗੇ ਹਨ। ‘ਪੈਰਾਕੁਆਟ’ ਦਾ ਛਿੜਕਾਅ ਕਰਨ ਵਾਲੇ ਇੱਕ ਕਿਸਾਨ ਦਾ ਕਹਿਣਾ ਹੈ ਕਿ ਫ਼ਸਲ ਨੂੰ ਵੱਢ ਕੇ ਸੁਕਾਉਣ ਉਪਰੰਤ ਮੀਂਹ ਪੈਣ ਕਰਕੇ ਫ਼ਸਲ ਦੇ ਖ਼ਰਾਬੇ ਦਾ ਡਰ ਹੈ, ਜਿਸ ਕਰਕੇ ਸਿਰਫ਼ 350 ਰੁਪਏ ਪ੍ਰਤੀ ਲਿਟਰ ਇਸ ਦਵਾਈ ਨਾਲ ਇੱਕ ਏਕੜ ਮੂੰਗੀ ਦੀ ਫ਼ਸਲ ਸੁੱਕ ਜਾਂਦੀ ਹੈ ਤੇ ਇਸ ਨੂੰ ਕੰਬਾਈਨ ਨਾਲ ਵੱਢਣਾ ਸੌਖਾ ਹੈ ਤੇ ਪ੍ਰਤੀ ਏਕੜ ਕੇਵਲ 2300 ਰੁਪਏ ਖ਼ਰਚ ਆਉਂਦਾ ਹੈ। 



ਉਧਰ, ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤੀ ਤਰੀਕੇ ਮੂੰਗੀ ਨੂੰ ਪਹਿਲਾਂ ਵੱਢਣਾ ਪੈਂਦਾ ਹੈ ਤਾਂ ਬਾਅਦ ਵਿੱਚ ਪੰਜ ਦਿਨ ਖੁੱਲ੍ਹੇ ਖੇਤਾਂ ਵਿੱਚ ਸੁਕਾਉਣਾ ਪੈਂਦਾ ਹੈ ਤੇ ਹੜੰਬੇ ਨਾਲ ਫ਼ਸਲ ਨੂੰ ਕੱਢਿਆ ਜਾਂਦਾ ਹੈ। ਅਜਿਹਾ ਕਰਨ ਤੇ ਲੇਬਰ ਸਮੇਤ ਪ੍ਰਤੀ ਏਕੜ ਕਰੀਬ 7 ਹਜ਼ਾਰ ਖ਼ਰਚ ਆਉਂਦਾ ਹੈ ਜਦਕਿ ‘ਪੈਰਾਕੁਆਟ’ ਨਾਲ ਸੁਕਾ ਕੇ ਸਿਰਫ਼ ਕੰਬਾਈਨ ਦਾ 2000 ਰੁਪਏ ਦਾ ਖ਼ਰਚਾ ਆਉਂਦਾ ਹੈ ਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।