ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਹਾਲ ਹੀ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਅਤੇ ਪਾਰਟੀ ਨੇ ਪੁਲਿਸ ਵੱਲੋਂ ਬੇਅਦਬੀ ਮਾਮਲਿਆਂ ਵਿਚ ਕਾਰਵਾਈ ਨਾ ਕਰਨ  ਖਿਲਾਫ ਰੋਸ ਪ੍ਰਗਟਾਉਣ ਲਈ 2 ਜਨਵਰੀ ਨੁੰ ਅੰਮ੍ਰਿਤਸਰ ਵਿਚ ਮੰਜੀ ਸਾਹਿਬ ਵਿਖੇ ਵਿਸ਼ਾਲ ਪੰਥਕ ਰੋਸ ਇਕੱਠ ਕਰਨ ਦਾ ਐਲਾਨ ਕੀਤਾ।


ਇਹ ਫੈਸਲਾ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਅਤੇ ਇਸ ਵਿਚ ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਸਨ।



ਇਸ ਫੈਸਲੇ ਬਾਰੇ ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਨੁੰ ਕਾਂਗਰਸ ਸਰਕਾਰ ਅਤੇ ਇਨ੍ਹਾਂ ਦੇ ਗ੍ਰਹਿ ਮੰਤਰੀ ’ਤੇ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਵਿਸ਼ਵਾਸ ਹੈ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਘਿਨੌਣੇ ਕਾਰੇ ਦੇ ਦੋਸ਼ੀਆਂ ਨੁੰ ਬਚਾਉਣਾ ਚਾਹੁੰਦੀ ਹੈ ਅਤੇ ਸਰਕਾਰ ਨੁੰ ਇਹਨਾਂ ਘਟਨਾਵਾਂ ਪਿੱਛੇ ਸਾਜ਼ਿਸ਼ ਬੇਨਕਾਬ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਸਿੱਖਾਂ ਅਤੇ ਪੰਜਾਬੀਆਂ ਨੇ ਸਰਕਾਰ ਵੱਲੋਂ ਕੇਸ ਦੀ ਹੇਠਲੇ ਪੱਧਰ ਦੀ ਜਾਂਚ ਦੇ ਕੀਤੇ ਹੁਕਮ ਵੀ ਰੱਦ ਕਰ ਦਿੱਤੇ ਹਨ ਅਤੇ ਇਹ ਹਾਈ ਕੋਰਟ ਦੀ ਨਿਗਰਾਨੀ ਹੇਠ ਉਚ ਪੱਧਰੀ ਜਾਂਚ ਚਾਹੁੰਦੇ ਹਨ।



ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਇਹਨਾਂ ਕੇਸਾਂ ਪਿਛਲੀ ਸਾਜ਼ਿਸ਼ ਬੇਨਕਾਬ ਕਰਨ ਵਿਚ ਫੇਲ੍ਹ ਹੋ ਗਈ ਹੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਟਕਾ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਸੁੱਟਣ ਵਾਲਾ ਵਿਅਕਤੀ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਜੇਕਰ ਕੇਸ ਦੀ ਸਹੀ ਤਰੀਕੇ ਜਾਂਚ ਕੀਤੀ ਗਈ ਹੁੰਦੀ ਤਾਂ ਫਿਰ 18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਪਰੀ ਮੰਦਭਾਗੀ ਘਟਨਾ ਵਾਪਰਨ ਤੋਂ ਰੋਕੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ 15 ਦਸੰਬਰ ਨੁੰ ਵਾਪਰੇ ਬੇਅਦਬੀ ਮਾਮਲੇ ਵਿਚ 48 ਘੰਟਿਆਂ ਦੇ ਅੰਦਰ ਅੰਦਰ ਸਾਰੀ ਸਾਜ਼ਿਸ਼ ਬੇਨਕਾਬ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤਕ ਕੁਝ ਵੀ ਜਨਤਕ ਨਹੀਂ ਕੀਤਾ ਗਿਆ।



 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ ਵਿਖੇ ਬੰਬ ਧਮਾਕਾ ਵੀ ਸੂਬੇ ਵਿਚ ਸ਼ਾਂਤੀ ਨੁੰ ਅਸਥਿਰ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਲੋਕ ਫਿਰਕੂ ਘਟਨਾਵਾਂ ਨਾਲ ਭੜਕਣਗੇ। ਸ੍ਰੀ ਹਰਮੰਦਿਰ ਸਾਹਿਬ ਵਿਚ ਹੀ ਬੇਅਦਬੀ ਹੋ ਗਈ। ਇਸ ਮਗਰੋਂ ਹੁਣ ਬੰਬ ਧਮਾਕਾ ਹੋ ਗਿਆ। ਉਹਨਾਂ ਕਿਹਾ ਕਿ ਰਾਜ ਸਰਕਾਰ ਤੇ ਖਾਸ ਤੌਰ ’ਤੇ ਸੂਬਾ ਪੁਲਿਸ ਮੁਖੀ ਨੂੰ ਅਮਨ ਕਾਨੂੰਨ ਸਥਿਤੀ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਨਾ ਕਿ ਬਦਲਾਖੋਰੀ ਦੀ ਰਾਜਨੀਤੀ ਵਿਚ ਉਲਝਣਾ ਚਾਹੀਦਾ ਹੈ।


ਇਹ ਵੀ ਪੜ੍ਹੋ : ਆਪਣੇ ਹੀ ਸਕੂਲ ਦੀਆਂ ਕੁੜੀਆਂ ਨਾਲ ਸਪਾਈਡਰਮੈਨ ਬਣਾਉਂਦਾ ਸੀ ਸਰੀਰਕ ਸਬੰਧ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490