ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ/ਲੁਧਿਆਣਾ: ਪੰਜਾਬ ਦੇ ਲੁਧਿਆਣਾ 'ਚ ਵੀਰਵਾਰ ਦੁਪਹਿਰ ਨੂੰ ਅਦਾਲਤ ਦੇ ਕੰਪਲੈਕਸ 'ਚ ਇੱਕ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਲੋਕ ਜ਼ਖਮੀ ਹਨ। ਵਾਸ਼ਰੂਮ 'ਚ ਹੋਏ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਸਮੇਂ ਬਾਅਦ ਲੁਧਿਆਣਾ ਲਈ ਰਵਾਨਾ ਹੋਣਗੇ, ਉਨ੍ਹਾਂ ਨੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ।



ਲੁਧਿਆਣਾ ਦੀ ਅਦਾਲਤ 'ਚ ਹੋਏ ਧਮਾਕੇ ਤੋਂ ਬਾਅਦ NIA ਤੇ NSG ਨੂੰ ਜਾਂਚ ਲਈ ਉੱਥੇ ਭੇਜਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਐਨਆਈਏ ਦੀਆਂ ਦੋ ਟੀਮਾਂ ਲੁਧਿਆਣਾ ਜਾ ਰਹੀਆਂ ਹਨ। ਇਸ ਦੇ ਨਾਲ ਹੀ ਐਨਐਸਜੀ ਦੀ ਇੱਕ ਟੀਮ ਲੁਧਿਆਣਾ ਜਾਵੇਗੀ। ਨੈਸ਼ਨਲ ਬੰਬ ਡਾਟਾ ਸੈਂਟਰ ਦੀ ਟੀਮ ਵੀ ਲੁਧਿਆਣਾ ਭੇਜੀ ਜਾ ਰਹੀ ਹੈ।

ਇਹ ਧਮਾਕਾ ਕੰਪਲੈਕਸ ਦੀ ਦੂਜੀ ਮੰਜ਼ਲ 'ਤੇ ਹੋਇਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਸ ਚੀਜ਼ ਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਲੁਧਿਆਣਾ ਕੋਰਟ ਦੀ ਕਾਪੀ ਸ਼ਾਖਾ ਵਿੱਚ ਹੋਇਆ ਹੈ। ਫ਼ਿਲਹਾਲ ਅਦਾਲਤ ਵਿੱਚ ਵਕੀਲਾਂ ਦੀ ਹੜਤਾਲ ਚੱਲ ਰਹੀ ਸੀ। ਇਸ ਲਈ ਅਦਾਲਤ ਵਿੱਚ ਜ਼ਿਆਦਾ ਭੀੜ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ।

ਪੂਰੇ ਪੰਜਾਬ 'ਚ ਅਲਰਟ ਜਾਰੀ
ਲੁਧਿਆਣਾ ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਪੰਜਾਬ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਧਾਰਮਿਕ ਸਥਾਨਾਂ ਨੂੰ ਲੈ ਕੇ ਸੁਰੱਖਿਆ ਲਈ ਪਹਿਲਾਂ ਹੀ ਹਾਈ ਅਲਰਟ ਹੈ। ਹੁਣ ਜਨਤਕ ਥਾਵਾਂ 'ਤੇ ਵੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸਿੱਧੂ ਨੇ ਇਸ ਧਮਾਕੇ ਨੂੰ ਚੋਣ ਨਾਲ ਜੋੜਿਆ
ਲੁਧਿਆਣਾ ਧਮਾਕੇ 'ਤੇ ਸਿਆਸੀ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵੋਟਾਂ ਦਾ ਧਰੁਵੀਕਰਨ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲਿਖਿਆ, 'ਲੁਧਿਆਣਾ ਅਦਾਲਤ 'ਚ ਧਮਾਕਾ ਹੋਣ ਦੀ ਖ਼ਬਰ ਸੁਣੀ। 2 ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪੰਜਾਬ ਪੁਲਿਸ ਨੂੰ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਹੈ।

CM ਚੰਨੀ ਨੇ ਦੱਸਿਆ ਸਾਜ਼ਿਸ਼ ਦਾ ਹਿੱਸਾ
ਲੁਧਿਆਣਾ ਬਲਾਸਟ 'ਤੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦਾ ਵੀ ਬਿਆਨ ਆਇਆ ਹੈ। ਉਨ੍ਹਾਂ ਇਸ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਚੰਨੀ ਨੇ ਕਿਹਾ, 'ਮੈਂ ਇਸ ਮੌਕੇ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਜਾ ਰਿਹਾ ਹਾਂ ਕਿਉਂਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਇਸ ਪ੍ਰਤੀ ਸੁਚੇਤ ਹੈ, ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ। ਬੇਅਦਬੀ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ, ਹੁਣ ਧਮਾਕਾ ਹੋ ਗਿਆ। 


 


 



ਇਹ ਵੀ ਪੜ੍ਹੋ :ਹਰੀਸ਼ ਰਾਵਤ ਦੇ ਬਾਗੀ ਤੇਵਰ : ਕੈਪਟਨ ਅਮਰਿੰਦਰ ਬੋਲੇ-ਜੋ ਬੀਜੋਗੇ, ਓਹੀ ਵੱਢੋਗੇ, ਮਨੀਸ਼ ਤਿਵਾੜੀ ਨੇ ਵੀ ਲਈ ਚੁਟਕੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490