ਕੋਟਕਪੂਰਾ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕਰ ਰਹੀਆਂ ਹਨ। ਇਹ ਰੋਸ ਮਾਰਚ ਅਨਾਜ ਮੰਡੀ ਬਰਗਾੜੀ ਵਿੱਚ ਪਹੁੰਚੇਗਾ ਜਿੱਥੇ ਬੇਅਦਬੀ ਖ਼ਿਲਾਫ਼ ਪੰਥਕ ਮੋਰਚਾ ਲਾਇਆ ਗਿਆ ਹੈ। ਇਸ ਰੋਸ ਮਾਰਚ ਵਿੱਚ ਪੰਥਕ ਮੋਰਚੇ ਦੇ ਹਮਾਇਤੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਬਾਗੀ ਸੁਖਪਾਲ ਖਹਿਰਾ ਧੜਾ ਵੀ ਪਹੁੰਚਿਆ ਹੈ।
ਪੰਥਕ ਮੋਰਚੇ ਦੇ ਲੀਡਰ ਮਾਰਚ ਵਿੱਚ ਤਕਰੀਬਨ 25 ਤੋਂ 30 ਹਜ਼ਾਰ ਲੋਕਾਂ ਦਾ ਇਕੱਠ ਹੋਣ ਦਾ ਦਾਅਵਾ ਕਰ ਰਹੇ ਹਨ। ਜਦਕਿ ਏਜੰਸੀਆਂ ਦੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੋਸ ਮਾਰਚ ਵਿੱਚ 15 ਤੋਂ 20 ਹਜ਼ਾਰ ਲੋਕਾਂ ਦਾ ਇਕੱਠ ਹੋ ਸਕਦਾ ਹੈ। ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ। ਸੂਤਰਾਂ ਮੁਤਾਬਕ ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਛੇ ਜ਼ਿਲ੍ਹਿਆਂ ਤੋਂ ਪੁਲਿਸ ਸੱਦੀ ਹੈ।
ਇਸ ਮੌਕੇ ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਠੰਢੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁਲਜ਼ਮਾਂ ਬਾਰੇ ਪਤਾ ਹੋਣ ਦੇ ਬਾਵਜੂਦ ਗ੍ਰਿਫ਼ਤਾਰੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਪੰਥਕ ਆਗੂਆਂ ਨੇ ਕੈਪਟਨ ਤੇ ਬਾਦਲਾਂ ਉਤੇ ਦੋਸਤਾਨਾ ਮੈਚ ਖੇਡਣ ਦਾ ਦੋਸ਼ ਲਾਇਆ।