ਪੜਚੋਲ ਕਰੋ
ਰਿਸ਼ਵਤ ਲੈਂਦੇ ਥਾਣੇਦਾਰ ਤੇ ਕਾਂਸਟੇਬਲ ਸੀਬੀਆਈ ਅੜਿੱਕੇ

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਬਲਜੀਤ ਸਿੰਘ ਤੇ ਕਾਂਸਟੇਬਲ ਸੁਰਿੰਦਰ ਰਾਠੀ ਨੂੰ ਸੀਬੀਆਈ ਵੱਲੋਂ 55 ਹਜ਼ਾਰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਬਲਜੀਤ ਸਿੰਘ ਮੌਲੀ ਜਾਗਰਾਂ ਦੇ ਐਸਐਚਓ ਵਜੋਂ ਤਾਇਨਾਤ ਸੀ। ਸੀਬੀਆਈ ਨੇ ਥਾਣੇ ਵਿੱਚੋਂ ਹੀ ਬਲਜੀਤ ਸਿੰਘ ਨੂੰ ਰਿਸ਼ਵਤ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ। ਸ਼ਿਕਾਇਤਕਰਤਾ ਰਮੇਸ਼ ਮੁਤਾਬਕ ਬਲਜੀਤ ਸਿੰਘ ਨੇ ਦੋ ਦਿਨ ਪਹਿਲੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਨੂੰ ਨਸ਼ਾ ਵੇਚਣ ਦੇ ਇਲਜਾਮ ਹੇਠ ਥਾਣੇ ਵਿੱਚ ਰੱਖਿਆ ਗਿਆ ਸੀ। ਬਲਜੀਤ ਸਿੰਘ ਨੇ ਇਨ੍ਹਾਂ ਨੂੰ ਛੱਡਣ ਲਈ ਇੱਕ ਲੱਖ ਵੀਹ ਹਜ਼ਾਰ ਦੀ ਰਿਸ਼ਵਤ ਮੰਗੀ। ਇਸ ਦੇ ਨਾਲ ਹੀ ਪੈਸਾ ਨਾ ਦੇਣ 'ਤੇ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਪਾਉਣ ਦਾ ਡਰਾਵਾ ਦਿੱਤਾ। ਇਸ ਮਗਰੋਂ ਇੰਸਪੈਕਟਰ ਨੂੰ ਰਿਸ਼ਵਤ ਦਾ ਪੈਸਾ ਕਿਸ਼ਤਾਂ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ। ਰਮੇਸ਼ ਨੇ ਐਤਵਾਰ ਨੂੰ ਦਸ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਐਸਐਚਓ ਤੱਕ ਪਹੁੰਚਾਈ ਸੀ। ਦੂਸਰੀ ਕਿਸ਼ਤ ਲੈਣ ਗਏ ਕਾਂਸਟੇਬਲ ਸੁਰਿੰਦਰ ਰਾਠੀ ਨੂੰ 45 ਹਜ਼ਾਰ ਰੁਪਏ ਰਿਸ਼ਵਤ ਦੇ ਪੈਸੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਸੀਬੀਆਈ ਨੇ ਸਬੂਤਾਂ ਤਹਿਤ ਐਸਐਚਓ ਬਲਜੀਤ ਸਿੰਘ ਦੀ ਵੀ ਗ੍ਰਿਫਤਾਰੀ ਪਾ ਦਿੱਤੀ ਹੈ।
ਹੋਰ ਪੜ੍ਹੋ























