ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਉੱਪਰ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਨ ਵਾਲੇ ਮਹਿਤਪੁਰ ਦੇ ਸਾਬਕਾ ਥਾਣਾ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜ਼ਮਾਨਤ ਮਿਲ ਗਈ ਹੈ। ਹੁਣ ਇੰਸਪੈਕਟਰ ਬਾਜਵਾ ਦੇ ਬਾਹਰ ਆਉਣ ਦਾ ਰਾਸਤਾ ਖੁੱਲ੍ਹ ਗਿਆ ਹੈ। ਸ਼ਾਹਕੋਟ ਜ਼ਿਮਨੀ ਚੋਣ ਦੀਆਂ ਵੋਟਾਂ ਪੈਣ ਤੋਂ ਅਗਲੇ ਦਿਨ ਹੀ ਬਾਜਵਾ ਦੇ ਭਾਗ ਖੁੱਲ੍ਹ ਗਏ। ਸ਼ਾਹਕੋਟ ਚੋਣ ਦਾ ਨਤੀਜਾ 31 ਮਈ ਨੂੰ ਆਵੇਗਾ।

 

ਲੰਘੀ 11 ਮਈ ਨੂੰ ਬਾਜਵਾ ‘ਤੇ ਇੱਕ ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿੱਚ ਰੁਕਾਵਟ ਪਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਬਾਰਾਂਦਰੀ ਥਾਣੇ ਦੇ ਮੁਖੀ ਬਲਵੀਰ ਸਿੰਘ ਮੁਤਾਬਕ ਬਾਜਵਾ ਨੇ ਕੋਰਟ ਰੂਮ ਦੇ ਬਾਹਰ ਗਾਰਡ ਨੂੰ ਧੱਕਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਅਗਲੇ ਦਿਨ ਹੀ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਕਰਵਾ ਦਿੱਤਾ ਗਿਆ ਸੀ।

ਕੀ ਹੈ ਪੂਰਾ ਮਾਮਲਾ-

ਬੀਤੀ ਚਾਰ ਮਈ ਨੂੰ ਇੰਸਪੈਕਟਰ ਬਾਜਵਾ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਚਾਰ ਲੋਕਾਂ ਵਿਰੁੱਧ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਦਿੱਤਾ ਸੀ। ਐਫਆਈਆਰ ਦਰਜ ਕਰਨ ਤੋਂ ਬਾਅਦ ਬਾਜਵਾ ਦੇ ਅਸਤੀਫ਼ਾ ਦੇਣ ਤੇ ਫਿਰ ਵਾਪਸ ਲੈਣ ਅਤੇ ਬਾਅਦ ਵਿੱਚ ਮੀਡੀਆ ਸਾਹਮਣੇ ਆ ਕੇ ਲੀਡਰਾਂ ਤੇ ਉਸ ਦੇ ਖੁਲਾਸਿਆਂ ਰਾਹੀਂ ਪੁਲਿਸ ਅਧਿਕਾਰੀਆਂ ਦੇ 'ਪਰਖ਼ੱਚੇ' ਉਡਾਉਣ ਕਰ ਕੇ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਖਾਸੀ ਗਰਮੀ ਆ ਗਈ ਸੀ। ਹੁਣ ਬਾਜਵਾ ਬਾਹਰ ਆ ਕੇ ਅੱਗੇ ਕੀ 'ਕਾਰਵਾਈ' ਪਾਉਣਗੇ ਇਹ ਤਾਂ ਸਮਾਂ ਹੀ ਦੱਸੇਗਾ।