ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਜਿੱਥੇ ਲੋਕ ਕਿਸਾਨ ਅੰਦੋਲਨ ਲਈ ਦਿਲ ਖੋਲ੍ਹ ਕੇ ਫੰਡ ਦੇ ਰਹੇ ਹਨ, ਉੱਥੇ ਕਿਸਾਨਾਂ ਦੇ ਸੇਵਾ ਵਿੱਚ ਅਨੇਕਾਂ ਸੰਸਥਾਵਾਂ ਡਟੀਆਂ ਹੋਈਆਂ ਹਨ। ਅਜਿਹੇ ਵਿੱਚ ਸੋਸ਼ਲ ਮੀਡੀਆ ਉੱਪਰ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਕਬੱਡੀ ਦੇ ਕੌਮਾਂਤਰੀ ਖਿਡਾਰੀਆਂ ਸਿੰਘੂ ਹੱਦ ’ਤੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਇਸ ਦਾ ਕਾਫੀ ਪ੍ਰਸੰਸਾ ਹੋ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਕੌਮਾਂਤਰੀ ਖਿਡਾਰੀਆਂ ਨੇ ਦਿੱਲੀ ਦੀ ਸਿੰਘੂ ਹੱਦ ’ਤੇ ਡਟੇ ਕਿਸਾਨਾਂ ਦੇ ਕੱਪੜੇ ਧੋਣ ਦਾ ਮੋਰਚਾ ਸੰਭਾਲਿਆ ਹੋਇਆ ਹੈ। ਕਈ ਦਿਨਾਂ ਤੋਂ ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਕੱਪੜੇ ਧੋਣ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੇਖਦਿਆਂ ਕਬੱਡੀ ਖਿਡਾਰੀਆਂ ਵੱਲੋਂ ਲੰਗਰ ਦੇ ਨਾਲ-ਨਾਲ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ।

ਇਹ ਖਿਡਾਰੀ ਕੱਪੜੇ ਧੋਣ ਵਾਲੀਆਂ ਦੋ ਮਸ਼ੀਨਾਂ ਨਾਲ ਦਿਨ-ਰਾਤ ਕਿਸਾਨਾਂ ਦੇ ਕੱਪੜੇ ਧੋ ਰਹੇ ਹਨ। ਸਿੰਘੂ ਬਾਰਡਰ ਦੇ ਨੇੜੇ ਹੀ ਇੱਕ ਬਿਲਡਿੰਗ ਵਿੱਚ ਇਨ੍ਹਾਂ ਨੌਜਵਾਨਾਂ ਨੇ ਡੇਰੇ ਲਾਏ ਹੋਏ ਹਨ ਤੇ ਉਸ ਬਿਲਡਿੰਗ ਦੇ ਮਾਲਕ ਨੇ ਇਨ੍ਹਾਂ ਨੂੰ ਬਿਜਲੀ-ਪਾਣੀ ਦੀ ਸਹੂਲਤ ਦਿੱਤੀ ਹੋਈ ਹੈ। ਇਨ੍ਹਾਂ ਨੂੰ ਕੱਪੜੇ ਧੋਣ ਵਾਲੀਆਂ ਦੋ ਮਸ਼ੀਨਾਂ ਇੰਗਲੈਂਡ ਦੇ ਦੋ ਕਬੱਡੀ ਪ੍ਰਮੋਟਰਾਂ ਨੇ ਲੈ ਕੇ ਦਿੱਤੀਆਂ ਹਨ।