ਅੰਮ੍ਰਿਤਸਰ: ਪਿੰਡ ਰਾਮਪੁਰਾ ਦੇ ਏਐਸਆਈ ਪ੍ਰਭਜੀਤ ਸਿੰਘ ਨੂੰ ਐਤਵਾਰ ਦੁਪਹਿਰ 4 ਨੌਜਵਾਨਾਂ ਨੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਏਐਸਆਈ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਉਨ੍ਹਾਂ 'ਤੇ 5 ਗੋਲ਼ੀਆਂ ਚਲਾਈਆਂ ਪਰ ਉਹ ਕਿਸੇ ਤਰ੍ਹਾਂ ਬਚ ਗਏ। ਇਸ ਦੇ ਬਾਅਦ ਮੁਲਜ਼ਮਾਂ ਨੇ ਦਾਤਰ ਨਾਲ ਉਨ੍ਹਾਂ ਉੱਤੇ ਹਮਲ ਕੀਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਰਹੇ ਮਜ਼ਦੂਰਾਂ ਨੂੰ ਚਾਹ ਦੇਣ ਜਾ ਰਹੇ ਸੀ। ਏਐਸਆਈ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਹ ਆਈਆਰਬੀ ਦੀ 5ਵੀਂ ਬਟਾਲੀਅਨ ਵਿੱਚ ਤਾਇਨਾਤ ਹਨ। ਇਸ ਸਮੇਂ ਫਿਲੌਰ ਪੁਲਿਸ ਅਕੈਡਮੀ ਵਿੱਚ ਪਰਮੋਸ਼ਨ ਦਾ ਕੋਰਸ ਕਰ ਰਹੇ ਹਨ। ਸ਼ਨੀਵਾਰ ਨੂੰ ਉਹ ਬੱਚਿਆਂ ਨਾਲ ਮਿਲਣ ਲਈ ਇੱਕ ਦਿਨ ਦੀ ਛੁੱਟੀ ਆਏ ਹੋਏ ਸਨ।

ਐਤਵਾਰ ਦੁਪਹਿਰ 12 ਵਜੇ ਜਦੋਂ ਉਹ ਮੋਟਰਸਾਈਕਲ 'ਤੇ ਆਪਣੇ ਖੇਤਾਂ ਵਿੱਚ ਮਜ਼ਦੂਰਾਂ ਨੂੰ ਚਾਹ ਦੇ ਕੇ ਵਾਪਸ ਚੱਲੇ ਤਾਂ ਸਫੈਦ ਕਾਰ ਵਿੱਚ 4 ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਛੇਹਰਟਾ ਦਾ ਰਾਹ ਪੁੱਛਿਆ। ਇਸ 'ਤੇ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਗ਼ਲਤ ਪਾਸੇ ਆ ਗਏ ਹਨ, ਇਸ ਲਈ ਕਾਰ ਘੁਮਾ ਕੇ ਜੀਟੀ ਰੋਡ ਵੱਲ ਚਲੇ ਜਾਣ। ਉਸ ਦੇ ਇੰਨਾ ਕਹਿੰਦਿਆਂ ਹੀ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਦੋ ਨੌਜਵਾਨਾਂ ਕਾਰ ਵਿੱਚੋਂ ਉੱਤਰੇ ਤੇ ਦਾਤਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਘਟਨਾ ਦੌਰਾਨ ਮੁੰਡਿਆਂ ਨੇ ਖੇਤ ਵਿੱਚ ਲਗਪਗ ਦਰਜਨ ਫਾਇਰ ਕੀਤੇ।

ਇਸ ਮਗਰੋਂ ਉਨ੍ਹਾਂ ਆਪਣੇ-ਆਪ ਨੂੰ ਸੰਭਾਲਦਿਆਂ ਨੌਜਵਾਨ ਨੂੰ ਧੱਕਾ ਦਿੱਤਾ ਤਾਂ ਦੂਜੇ ਨੌਜਵਾਨ ਨੇ ਕੱਟਾ ਕੱਢ ਕੇ ਉਨ੍ਹਾਂ 'ਤੇ 2 ਗੋਲ਼ੀਆਂ ਚਲਾ ਦਿੱਤੀਆਂ ਪਰ ਉਹ ਬਚ ਗਏ ਤੇ ਖੇਤਾਂ ਵੱਲ ਭੱਜ ਗਏ। ਇਸ ਪਿੱਛੋਂ ਨੌਜਵਾਨਾਂ ਪਿੱਛਿਓਂ ਉਨ੍ਹਾਂ 'ਤੇ 3 ਗੋਲ਼ੀਆਂ ਚਲਾਈਆਂ। ਤਕਰੀਬਨ ਅੱਧਾ ਕਿਮੀ ਭੱਜਣ ਬਾਅਦ ਉਨ੍ਹਾਂ ਦੀ ਇੱਕ ਨੌਜਵਾਨ ਨਾਲ ਹੱਥੋ-ਪਾਈ ਹੋ ਗਈ ਤਾਂ ਇਸੇ ਦੌਰਾਨ ਹੋਰ ਨੌਜਵਾਨਾਂ ਉਨ੍ਹਾਂ 'ਤੇ ਦਾਤਰ ਨਾਲ ਵਾਰ ਕੀਤੇ। ਪੁਲਿਸ ਨੇ ਚਾਰਾਂ ਮੁਲਜ਼ਮ ਨੌਜਵਾਨਾਂ 'ਤੇ ਕੇਸ ਦਰਜ ਕਰ ਲਿਆ ਹੈ।