ਬਟਾਲਾ: ਮਿਲਟਰੀ ਕਾਊਂਟਰ ਇੰਟੈਲੀਜੈਂਸ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਬਟਾਲਾ ਪੁਲਿਸ ਨੇ ਅੰਮ੍ਰਿਤਸਰ ਦੇ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐਸ.ਆਈ. ਨੂੰ ਜਾਣਕਾਰੀ ਦਿੰਦਾ ਸੀ।

ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਝਾਮਕਾ ਦਾ ਰਹਿਣ ਵਾਲਾ ਗੁਰਮੁੱਖ ਸਿੰਘ ਉਰਫ ਗੁਰੀ ਨਾਂ ਦਾ ਵਿਅਕਤੀ ਹੁਣ ਤਕ ਧਾਰਮਿਕ ਯਾਤਰਾ ਤਹਿਤ ਦੋ ਵਾਰ ਪਾਕਿਸਤਾਨ ਜਾ ਚੁੱਕਾ ਹੈ। 2009 ਤੇ 2012 ਨੂੰ ਪਾਕਿਸਤਾਨ ਫੇਰੀ ਦੌਰਾਨ ਉਸ ਦੇ ਸਬੰਧ ਉੱਥੋਂ ਦੀ ਖ਼ੁਫੀਆ ਏਜੰਸੀ ਨਾਲ ਜੁੜੇ ਲੋਕਾਂ ਨਾਲ ਹੋ ਗਏ।

ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਸਰਹੱਦ ਵਾਲੇ ਇਲਾਕੇ 'ਤੇ ਫ਼ੌਜ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਸਰਹੱਦੀ ਇਲਾਕੇ ਦੀਆਂ ਤਸਵੀਰਾਂ ਵ੍ਹੱਟਸਐਪ ਰਾਹੀ ਭੇਜਦਾ ਹੁੰਦਾ ਸੀ। ਇਸ ਕੰਮ ਦੇ ਬਦਲੇ ਗੁਰਮੁੱਖ ਨੂੰ ਪੈਸੇ ਵੀ ਦਿੱਤੇ ਜਾਂਦੇ ਸਨ।

ਇਹ ਵੀ ਦੱਸਿਆ ਗਿਆ ਕਿ ਗੁਰੀ ਨੇ ਪਾਕਿਸਤਾਨ ਤੋਂ ਦੋ ਪਿਸਤੌਲ ਭੇਜਣ ਦੀ ਗੱਲ ਕੀਤੀ ਸੀ ਪਰ ਉਧਰੋਂ ਚਾਰ ਪਿਸਤੌਲ ਭੇਜਣ ਦੀ ਗੱਲ ਵੀ ਹੋਈ। ਪੁਲਿਸ ਨੇ ਗ੍ਰਿਫਤਾਰੀ ਸਮੇਂ ਉਸ ਕੋਲੋਂ ਪਾਸਪੋਰਟ, ਦੋ ਮੋਬਾਈਲ ਫ਼ੋਨ ਬਰਾਮਦ ਕੀਤਾ। ਇਸ ਵਿੱਚ ਛਾਉਣੀ ਤੇ ਫ਼ੌਜ ਦੀਆਂ ਉਹ ਤਸਵੀਰਾਂ ਵੀ ਮੌਜੂਦ ਸਨ ਜੋ ਉਸ ਨੇ ਪਾਕਿਸਤਾਨ ਵਿਚਲੇ ਵਿਅਕਤੀਆਂ ਨੂੰ ਭੇਜੀਆਂ ਸਨ। ਪੁਲਿਸ ਨੇ ਗੁਰਮੁਖ ਸਿੰਘ ਵਿਰੁੱਧ ਸਰਕਾਰੀ ਭੇਤ ਕਾਨੂੰਨ 1923 ਤੇ ਭਾਰਤੀ ਸੰਵਿਧਾਨ ਦੀ ਧਾਰਾ 120 ਬੀ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।