ਫ਼ਿਰੋਜ਼ਪੁਰ: ਬੀਤੇ ਦਿਨ ਨਗਰ ਪੰਚਾਇਤ ਚੋਣਾਂ ਸਬੰਧੀ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਖ਼ੂਨੀ ਝੜਪਾਂ ਤੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸੁਖਬੀਰ ਬਾਦਲ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅੱਜ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਫ਼ਿਰੋਜ਼ਪੁਰ ਦੇ ਪੁਲਿਸ ਕਪਤਾਨ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ।

ਪੁਲਿਸ ਪ੍ਰਸ਼ਾਸਨ `ਤੇ ਕਾਂਗਰਸੀਆਂ ਦੀ ਸ਼ਹਿ ਦੇ ਚੱਲਦਿਆਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਉਂਦਿਆਂ ਜਿੱਥੇ ਸਾਬਕਾ ਉਪ ਮੁੱਖ ਮੰਤਰੀ ਨੇ ਪੁਲਿਸ ਪ੍ਰਸ਼ਾਸਨ 'ਤੇ ਜੰਮ ਕੇ ਭੜਾਸ ਕੱਢੀ, ਉੱਥੇ ਕਾਂਗਰਸੀਆਂ 'ਤੇ ਵੀ ਜ਼ੋਰਦਾਰ ਸ਼ਬਦੀ ਹਮਲੇ ਕਰਦਿਆਂ ਸੱਤਾ ਦਾ ਨਾਜਾਇਜ਼ ਫਾਇਦਾ ਨਾ ਚੁੱਕਣ ਦੀ ਤਾਕੀਦ ਕੀਤੀ।

ਸੁਖਬੀਰ ਬਾਦਲ ਨੇ ਕਿਹਾ, "ਅਕਾਲੀਆਂ ਨੇ '84 ਵਰਗੇ ਸਮਿਆਂ ਦੌਰਾਨ ਕਾਂਗਰਸੀਆਂ ਅੱਗੇ ਈਨ ਨਹੀਂ ਮੰਨੀ, ਹੁਣ ਤਾਂ ਸਮਾਂ ਬਹੁਤ ਬਦਲ ਗਿਆ ਹੈ। ਕਾਂਗਰਸੀ ਆਪਣੀਆਂ ਕਰਤੂਤਾਂ ਕਰਕੇ ਲੋਕ ਕਚਹਿਰੀ ਵਿੱਚ ਜਾਣ ਤੋਂ ਡਰਦੇ ਹਨ, ਜਿਸ ਕਰਕੇ ਉਹ ਅਕਾਲੀ ਉਮੀਦਵਾਰਾਂ ਨੂੰ ਮੈਦਾਨ ਵਿਚ ਆਉਣ ਤੋਂ ਹੀ ਰੋਕ ਰਹੇ ਹਨ।"

ਅਕਾਲੀ ਆਗੂਆਂ 'ਤੇ ਦਰਜ ਹੋਏ ਮੁਕੱਦਮਿਆਂ ਦੀ ਸਖ਼ਤ ਨਿੰਦਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਫ਼ਿਰੋਜ਼ਪੁਰ ਤੋਂ ਬਾਅਦ ਹੁਣ ਹਰੀਕੇ ਪੱਤਣ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ ਤੇ ਇਹ ਧਰਨਾ ਉਦੋਂ ਤੱਕ ਚੱਲੇਗਾ, ਜਦੋਂ ਤੱਕ ਪੁਲਿਸ ਪ੍ਰਸ਼ਾਸਨ ਕਾਂਗਰਸੀਆਂ ਦੇ ਚੁੰਗਲ ਵਿੱਚੋਂ ਆਜ਼ਾਦ ਨਹੀਂ ਹੋ ਜਾਂਦਾ ਤੇ ਅਕਾਲੀਆਂ 'ਤੇ ਦਰਜ ਝੂਠੇ ਮੁਕੱਦਮੇ ਖਾਰਜ ਨਹੀਂ ਹੁੰਦੇ।

ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਝੂਠੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਕਾਂਗਰਸ ਦਾ ਭਾਂਡਾ ਛੇਤੀ ਹੀ ਤਿੜਕਣ ਵਾਲਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਹੋਸ਼ੇ ਹੋਏ ਕਾਂਗਰਸੀ ਖੇਰੂੰ-ਖੇਰੂੰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੁੱਗਣੀਆਂ ਪੈਨਸ਼ਨਾਂ, ਨੌਕਰੀਆਂ, ਕਰਜ਼ਾ ਮੁਆਫੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕਾਂਗਰਸੀ ਹੁਣ ਇਨ੍ਹਾਂ ਵਾਅਦਿਆਂ ਬਾਰੇ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਦੇ।