ਪੰਚਕੁਲਾ: ਵੀਰਵਾਰ ਸਵੇਰੇ 10.30 ਵਜੇ ਤੋਂ ਹੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਪੰਚਕੁਲਾ ਦੀ ਅਦਾਲਤ ਦੇ ਬਖਸ਼ੀਖ਼ਾਨੇ ਵਿੱਚ ਤਾੜ ਕੇ ਰੱਖੀ ਗਈ। ਬਖਸ਼ੀਖ਼ਾਨੇ ਨੂੰ ਪੁਲਿਸ ਨੇ ਘੇਰ ਰੱਖਿਆ ਸੀ ਤੇ ਕਿਸੇ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਗਿਆ। ਹਨੀਪ੍ਰੀਤ ਨੂੰ ਪੁਲਿਸ ਕਰੀਬ ਮਹੀਨੇ ਬਾਅਦ ਅੰਬਾਲਾ ਜੇਲ੍ਹ ਤੋਂ ਪੰਚਕੁਲਾ ਕੋਰਟ ਵਿੱਚ ਲੈ ਕੇ ਆਈ। ਖਾਸ ਗੱਲ਼ ਇਹ ਰਹੀ ਕਿ ਅੱਜ ਹਨੀਪ੍ਰੀਤ ਦੇ ਚਿਹਰੇ 'ਤੇ ਰੌਣਕ ਸੀ।

ਪੁਲਿਸ ਨੇ ਜਦੋਂ ਹਨੀਪ੍ਰੀਤ ਨੂੰ ਨਾਸ਼ਤੇ ਬਾਰੇ ਪੁੱਛਿਆ ਤਾਂ ਹਨੀਪ੍ਰੀਤ ਨੇ ਮਨ੍ਹਾਂ ਕਰ ਦਿੱਤਾ। ਜਵਾਬ ਵਿੱਚ ਉਸ ਨੇ ਕਿਹਾ ਕਿ ਭੁੱਖ ਨਹੀਂ ਹੈ। ਉਹ ਸਵੇਰੇ ਤੋਂ ਦੁਪਹਿਰ ਤੱਕ ਬਿਨਾ ਕੁਝ ਖਾਧੇ ਦੁਪਹਿਰ ਬਖਸ਼ੀਖ਼ਾਨੇ ਵਿੱਚ ਬੈਠੀ ਰਹੀ।

ਹਨੀਪ੍ਰੀਤ ਆਪਣੇ ਰਿਸ਼ਤੇਦਾਰਾਂ ਨੂੰ ਕੋਰਟ ਰੂਮ ਵਿੱਚ ਜੱਫੀ ਪਾ ਕੇ ਮਿਲੀ। ਉਸ ਦੇ ਚਿਹਰੇ ਉੱਪਰ ਕਿਸੇ ਵੀ ਪ੍ਰਕਾਰ ਦੀ ਉਦਾਸੀ ਨਹੀਂ ਸੀ। ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਚਾਰਜਸ਼ੀਟ ਦੀ ਕਾਪੀ ਦੇ ਕੇ ਕੇਸ ਦੀ ਅਗਲੀ ਤਾਰੀਖ 11 ਦਸੰਬਰ 'ਤੇ ਪਾ ਦਿੱਤੀ ਹੈ।