ਚੰਡੀਗੜ੍ਹ: ਬੀ.ਐਸ.ਐਫ. ਨੇ 2 ਅਰਬ 75 ਕਰੋੜ ਦੇ ਕੌਮਾਂਤਰੀ ਮੁੱਲ ਦੀ ਹੈਰੋਇਨ ਦੇ 55 ਪੈਕਟ ਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਬੀ. ਐਸ. ਐਫ. ਦੀ 12ਵੀਂ ਬਟਾਲੀਅਨ ਨੂੰ ਮਿਲੀ ਪੁਖਤਾ ਸੂਚਨਾ ਦੇ ਅਧਾਰ 'ਤੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੈਦੀ ਬਾਹਰੀ ਸਰਹੱਦੀ ਚੌਕੀ ਰੋਸੇ ਨਜ਼ਦੀਕ ਭਾਰਤ ਅੰਦਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ ਕਰ ਰਹੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫਲ ਬਣਾਇਆ ਹੈ।
ਰੋਸੇ ਚੌਕੀ ਨਜ਼ਦੀਕ ਹਨੇਰਾ ਹੁੰਦੇ ਹੀ ਕੱਲ੍ਹ ਸ਼ਾਮ ਸਮੇਂ ਬੀ. ਐਸ. ਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਕੁਝ ਹਰਕਤ ਵੇਖੀ। ਜਿਸ 'ਤੇ ਉਹਨਾਂ ਨੇ ਭਾਰਤ ਅੰਦਰ ਪਾਈਪ ਪਾ ਕੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ ਕਰ ਰਹੇ ਕੁਝ ਪਾਕਿਸਤਾਨੀ ਤਸਕਰਾਂ ਨੂੰ ਲਲਕਾਰਿਆ ਪਰ ਉਨ੍ਹਾਂ ਨੇ ਆਪਣਾ ਕੰਮ ਜਾਰੀ ਰੱਖਿਆ। ਜਿਸ 'ਤੇ ਬੀ. ਐਸ.ਐਫ. ਵੱਲੋਂ ਆਪਣੇ ਬਚਾਅ ਵਿੱਚ ਤਸਕਰਾਂ 'ਤੇ ਗੋਲੀ ਚਲਾਈ ਅਤੇ ਪਾਕਿਸਤਾਨੀ ਤਸਕਰ ਭੱਜਣ 'ਚ ਕਾਮਯਾਬ ਹੋ ਗਏ।
ਉਸ ਵੇਲੇ ਕੀਤੀ ਗਈ ਕਾਰਵਾਈ ਵਿੱਚ 55 ਪੈਕੇਟ ਹੈਰੋਇਨ ਅਤੇ 2 ਪਿਸਤੌਲ ਬਾਰਮਦ ਕੀਤੇ। ਬੀ. ਐਸ. ਐਫ. ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ।