ਚੰਡੀਗੜ੍ਹ - ਭਾਰਤ ਦੇ ਵਿਦਿਆਰਥੀਆਂ ਵਿੱਚ ਇੰਜੀਨੀਅਰਿੰਗ ਦਾ ਕ੍ਰੇਜ਼ ਕਾਇਮ ਹੈ, ਪਰ ਬਹੁਤ ਸਾਰੇ ਕਾਲਜ ਅਜਿਹੇ ਹਨ, ਜਿਨ੍ਹਾਂ ਵਿੱਚ ਕੁੱਲ ਸੀਟਾਂ ਵਿੱਚੋਂ 30 ਫੀਸਦੀ ਵੀ ਨਹੀਂ ਭਰਦੀਆਂ। ਇਹ ਸਿਲਸਿਲਾ ਇੱਕ-ਦੋ ਸਾਲਾਂ ਤੋਂ ਨਹੀਂ, ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।


ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ ਆਈ ਸੀ ਟੀ ਈ) ਅਤੇ ਐੱਨ ਐੱਚ ਆਰ ਡੀ ਵੱਲੋਂ ਅਜਿਹੇ ਕਾਲਜਾਂ ਉਤੇ ਨਜ਼ਰ ਰੱਖੀ ਜਾ ਰਹੀ ਸੀ। ਜਿਹੜੇ ਕਾਲਜ ਆਪਣੀ ਇਨਰੋਲਮੈਂਟ ਨੂੰ ਸੁਧਾਰ ਨਹੀਂ ਸਕੇ, ਉਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਕੌਂਸਲ ਵੱਲੋਂ ਲਿਆ ਗਿਆ ਹੈ। ਇਸ ਸੰਬੰਧ ਵਿੱਚ ਪਤਾ ਲੱਗਾ ਹੈ ਕਿ ਕੌਂਸਲ ਅਤੇ ਐੱਮ ਐੱਚ ਆਰ ਡੀ ਵੱਲੋਂ ਅਜਿਹੇ 300 ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਤੀਹ ਫੀਸਦੀ ਤੋਂ ਘੱਟ ਇਨਰੋਲਮੈਂਟ ਚੱਲੀ ਆ ਰਹੀ ਹੈ।

ਇਨ੍ਹਾਂ ਵਿੱਚੋਂ ਕਰੀਬ 150 ਕਾਲਜ ਅਜਿਹੇ ਦੱਸੇ ਗਏ ਹਨ, ਜੋ 20 ਫੀਸਦੀ ਇਨਰੋਲਮੈਂਟ ‘ਤੇ ਕਾਲਜ ਚਲਾ ਰਹੇ ਹਨ। ਏ ਆਈ ਸੀ ਟੀ ਈ ਅਤੇ ਐੱਮ ਐੱਚ ਆਰ ਡੀ ਨੇ ਅਜਿਹੇ ਇੰਜੀਨੀਅਰਿੰਗ ਕਾਲਜਾਂ ਉੱਤੇ ਐਕਸ਼ਨ ਲੈਂਦਿਆਂ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕਾਲਜਾਂ ਨੂੰ ਅਗਲੇ ਸਾਲ 2018-19 ਵਿੱਚ ਦਾਖਲਾ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਏ ਆਈ ਸੀ ਟੀ ਈ ਦਾ ਮੰਨਣਾ ਹੈ ਕਿ ਜਿਨ੍ਹਾਂ ਕਾਲਜਾਂ ਵਿੱਚ ਇਨਰੋਲਮੈਂਟ ਲਗਾਤਾਰ ਘੱਟ ਰਹੀ ਹੈ, ਇਨ੍ਹਾਂ ਵਿੱਚੋਂ ਕਰੀਬ 150 ਕਾਲਜ ਅਜਿਹੇ ਹਨ, ਜੋ 20 ਫੀਸਦੀ ਇਨਰੋਲਮੈਂਟ ‘ਤੇ ਕਾਲਜ ਚਲਾ ਰਹੇ ਹਨ।

ਇੱਕ ਹੋਰ ਸੂਚਨਾ ਮੁਤਾਬਕ ਇਨ੍ਹਾਂ 300 ਕਾਲਜਾਂ ਤੋਂ ਇਲਾਵਾ 500 ਹੋਰ ਕਾਲਜ ਵੀ ਜਾਂਚ ਦੇ ਘੇਰੇ ਵਿੱਚ ਹਨ। ਇਨ੍ਹਾਂ ਵਿੱਚ ਵੀ ਇਨਰੋਲਮੈਂਟ ਬਹੁਤ ਘੱਟ ਹੈ ਤੇ ਬੱਚਿਆਂ ਦੀ ਗਿਣਤੀ ਵਧਾਉਣ ਵਿੱਚ ਇਹ ਅਸਫਲ ਰਹੇ ਹਨ। ਅਜੇ ਇਨ੍ਹਾਂ ਕਾਲਜਾਂ ਦੀ ਅਧਿਕਾਰਤ ਸੂਚੀ ਨਹੀਂ ਮਿਲੀ, ਪਰ ਇਨ੍ਹਾਂ ਸਾਰੇ ਕਾਲਜਾਂ ਨੂੰ ਕੌਂਸਲ ਵੱਲੋਂ ਅਗਲੇ ਸੈਸ਼ਨ ਵਿੱਚ ਦਾਖਲਾ ਨਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਹੁਣ ਦੇਖਦੇ ਹਾਂ ਕਿ ਹੋਰ 500 ਕਾਲਜਾਂ ‘ਤੇ ਕੀ ਐਕਸ਼ਨ ਹੋਵੇਗਾ।