ਜਲੰਧਰ: ਜਲੰਧਰ ਕੈਂਟ ਦੇ ਡੇਰਾ ਹਜ਼ਰਤ ਬਾਬਾ ਪੀਰ ਕਾਦਰੀ 'ਤੇ ਅੱਠ ਨਵੰਬਰ ਦੀ ਰਾਤ ਨੂੰ ਹੋਏੇ ਰਾਜੇਸ਼ ਕੁਮਾਰ ਉਰਫ ਰਾਜੂ ਬਾਬਾ ਦੇ ਕਤਲ ਕੇਸ ਨੂੰ ਜਲੰਧਰ ਪੁਲਿਸ ਨੇ ਹੱਲ ਕਰ ਲਿਆ ਹੈ। ਇਸ ਮਾਮਲੇ 'ਚ ਤਿੰਨ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ ਪੁਲਿਸ ਦੀ ਏਡੀਸੀਪੀ ਸੁਡਰਵਿਲੀ ਨੇ ਦੱਸਿਆ ਕਿ ਅੱਠ ਨਵੰਬਰ ਨੂੰ ਬਾਬੇ ਦਾ ਕੁਝ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਹੱਥ ਦੀ ਅੰਗੂਠੀ ਵੀ ਗਾਇਬ ਸੀ।


ਡੇਰਾ ਸੰਚਾਲਕ ਦੇ ਭਾਈ ਸੁਰੇਸ਼ ਕੁਮਾਰ ਦੇ ਬਿਆਨ 'ਤੇ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਏਡੀਸੀਪੀ ਨੇ ਦੱਸਿਆ ਕਿ ਸਾਨੂੰ ਇਨ੍ਹਾਂ ਤਿੰਨ ਮੁੰਡਿਆਂ 'ਤੇ ਪਹਿਲਾਂ ਵੀ ਸ਼ੱਕ ਸੀ। ਇਸ ਤੋਂ ਬਾਅਦ ਉਹ ਹਿਮਾਚਲ ਭੱਜ ਗਏ। ਥੋੜ੍ਹੇ ਦਿਨਾਂ ਬਾਅਦ ਇਨ੍ਹਾਂ ਨੂੰ ਲੱਗਿਆ ਕਿ ਪੁਲਿਸ ਨੂੰ ਇਨ੍ਹਾਂ 'ਤੇ ਸ਼ੱਕ ਨਹੀਂ ਹੈ।

ਜਦੋਂ ਇਹ ਵਾਪਸ ਆਏ ਤਾਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਨੇ ਦੱਸਿਆ ਕਿ ਬਾਬਾ ਇਨ੍ਹਾਂ ਨੂੰ ਧਾਰਮਿਕ ਥਾਂ 'ਤੇ ਨਸ਼ਾ ਕਰਨ ਤੋਂ ਰੋਕਦਾ ਸੀ। ਇਸ ਕਾਰਨ ਉਨ੍ਹਾਂ ਨੇ ਇਸ ਨੂੰ ਮਾਰ ਦਿੱਤਾ ਸੀ। ਮਾਮਲੇ ਨੂੰ ਲੁੱਟ ਦਾ ਬਣਾਉਣ ਲਈ ਉਸ ਦੀ ਅੰਗੂਠੀ ਲੈ ਕੇ ਭੱਜ ਗਏ ਸਨ।