ਮੋਗਾ: ਸਵੇਰੇ ਤਕਰੀਬਨ ਸਵਾ ਤਿੰਨ ਵਜੇ ਇੱਥੋਂ ਦੇ ਪਿੰਡ ਸਿੰਘਾਂ ਵਾਲਾ ਕੋਲ ਬੱਸ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਕਰੀਬਨ 17 ਸਵਾਰੀਆਂ ਜ਼ਖ਼ਮੀ ਹੋ ਗਈਆਂ। ਬੱਸ ਵਿੱਚ ਕੁੱਲ 50 ਸਵਾਰੀਆਂ ਸਨ ਜਿਨ੍ਹਾਂ ਵਿੱਚ ਤਕਰੀਬਨ 30 ਫ਼ੌਜੀ ਸਨ। ਮ੍ਰਿਤਕਾਂ ਵਿੱਚ ਬੱਸ ਦੇ ਚਾਲਕ ਤੇ ਕੰਡਕਟਰ ਤੋਂ ਇਲਾਵਾ ਇੱਕ ਫ਼ੌਜੀ ਜਵਾਨ ਵੀ ਸ਼ਾਮਲ ਹੈ।
ਇਹ ਭਿਆਨਕ ਹਾਦਸਾ ਉਦੋਂ ਵਾਪਰਿਆਂ ਜਦੋਂ ਜੈਪੁਰ ਤੋਂ ਜੰਮੂ ਜਾ ਰਹੀ ਇੱਕ ਸਲੀਪਰ-ਕੋਚ ਬੱਸ ਕਣਕ ਨਾਲ ਭਰੇ ਟਰੱਕ ਨੂੰ ਕੋਲੋਂ ਗੁਜ਼ਰਦਿਆਂ ਸੰਤੁਲਨ ਗੁਆ ਬੈਠੀ। ਬੱਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਤੇ ਬਾਅਦ ਵਿੱਚ ਇੱਕ ਦਰਖ਼ਤ ਵਿੱਚ ਜਾ ਵੱਜੀ।
ਬੱਸ ਵਿੱਚ ਸਵਾਰ ਮੁਸਾਫਰ ਸੁੱਤੇ ਹੋਏ ਸਨ। ਕੁਝ ਮੁਸਾਫਰਾਂ ਨੇ ਦੱਸਿਆ ਕਿ ਹਾਦਸੇ ਬਾਰੇ ਉਦੋਂ ਪਤਾ ਲੱਗਾ ਜਦੋਂ ਅਚਾਨਕ ਉਨ੍ਹਾਂ ਨੂੰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਤੇ ਉੱਪਰ ਸੁੱਤੀਆਂ ਸਾਰੀਆਂ ਸਵਾਰੀਆਂ ਹੇਠਾਂ ਬੈਠੇ ਲੋਕਾਂ 'ਤੇ ਡਿੱਗ ਪਈਆਂ। ਹਾਦਸੇ ਵਿੱਚ ਬੱਸ ਦਾ ਅਗਲਾ ਹਿੱਸਾ ਤੇ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਜ਼ਖ਼ਮੀਆਂ ਦਾ ਇਲਾਜ ਕਰ ਰਹੇ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ ਤੇ 17 ਲੋਕ ਫੱਟੜ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਫ਼ਰੀਦਕੋਟ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਮੌਤਾਂ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।