ਅੰਮ੍ਰਿਤਸਰ: ਪੰਜਾਬ ਵਿੱਚ ਨਿਗਮ ਚੋਣਾਂ ਦਾ ਬਿਗਲ ਵੱਜ ਗਿਆ ਹੈ। ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਲਈ ਆਪਣਾ ਜ਼ੋਰ ਲਾ ਰਹੀਆਂ ਹਨ, ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇਹ ਪਰਖ ਦੀ ਘੜੀ ਹੈ। ਇੱਕ ਕਿਸਮ ਨਾਲ ਇਨ੍ਹਾਂ ਚੋਣਾਂ ਦੇ ਨਤੀਜੇ ਕਾਂਗਰਸ ਸਰਕਾਰ ਦਾ ਰਿਪੋਰਟ ਕਾਰਡ ਹੋ ਸਕਦੇ ਹਨ।
ਇਸ ਲਈ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ 'ਤੇ ਜ਼ੋਰਦਾਰ ਹਮਲੇ ਕੀਤੇ, ਉੱਥੇ ਲੋਕਾਂ ਨਾਲ ਵੀ ਕਈ ਵਾਅਦੇ ਕੀਤੇ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਧਰਨਿਆਂ ਬਾਰੇ ਕਿਹਾ ਕਿ ਜਦੋਂ ਕੋਈ ਹਾਰ ਰਿਹਾ ਹੁੰਦਾ ਹੈ ਤਾਂ ਉਹ ਇਵੇਂ ਹੀ ਕਰਦਾ ਹੈ, ਹੁਣ ਉਹ ਰੋਣ ਲੱਗੇ ਹਨ।
ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਛੇਤੀ ਹੀ ਨਵੀਂ ਐਕਸਾਈਜ਼ ਪਾਲਿਸੀ ਲਾਗੂ ਕੀਤੀ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਚੈਨਲ ਨੂੰ ਬੰਦ ਕਰਨ ਦੇ ਹੱਕ ਵਿੱਚ ਨਹੀਂ ਸਗੋਂ ਕੋਈ ਵੀ ਨਵਾਂ ਚੈਨਲ ਚਲਾ ਸਕਦਾ ਹੈ।
ਮੁੱਖ ਮੰਤਰੀ ਨੇ ਹਿੰਦੂ ਨੇਤਾਵਾਂ ਦੇ ਕਤਲ ਪਿੱਛੇ ਇੱਕ ਵਾਰ ਫਿਰ ਆਈ.ਐਸ.ਆਈ. ਦਾ ਹੱਥ ਹੋਣ ਦੀ ਗੱਲ ਦੁਹਰਾਈ। ਕਾਂਗਰਸ ਦੇ ਮੁਖੀ ਬਾਰੇ ਰਾਹੁਲ ਗਾਂਧੀ ਨੂੰ ਸਹੀ ਉਮੀਦਵਾਰ ਦੱਸਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਪਾਰਟੀ ਦੀ ਕਮਾਨ ਦੇਣ ਦਾ ਅਸਰ ਗੁਜਰਾਤ ਵਿੱਚ ਵੀ ਵਿਖਾਈ ਦੇਵੇਗਾ।