Jagman Samra : ਕੈਨੇਡਾ ਬੈਠੇ ਸਮਰਾ ਦਾ ਵੱਡਾ ਖੁਲਾਸਾ, ਅਰਸ਼ ਡੱਲਾ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਦਿਵਾਏ ਹਥਿਆਰ!
Jagman Samra : ਕੈਨੇਡਾ ਵਿੱਚ ਰਹਿ ਰਹੇ ਜਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਹਨ। ਸਮਰਾ ਵੱਲੋਂ

Jagman Samra : ਕੈਨੇਡਾ ਵਿੱਚ ਰਹਿ ਰਹੇ ਜਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਹਨ। ਸਮਰਾ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਆਰੋਪ ਲਾਇਆ ਗਿਆ ਹੈ ਕਿ ਅਰਸ਼ ਡੱਲਾ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣ ਲਈ ਦੋ ਆਟੋਮੈਟਿਕ .30 ਬੋਰ ਪਿਸਤੌਲਾਂ ਦਾ ਇੰਤਜ਼ਾਮ ਕੀਤਾ ਸੀ। ਸਮਰਾ ਮੁਤਾਬਕ, ਇਨ੍ਹਾਂ ਸਮਰਥਕਾਂ ਨੂੰ ਦੋ ਦਿਨਾਂ ਦੀ ਖਾਸ ਟ੍ਰੇਨਿੰਗ ਦੇਣ ਲਈ ਭਾਰਤੀ ਫੌਜ ਦੇ ਇੱਕ ਸੇਵਾਮੁਕਤ ਕਰਨਲ ਦੀ ਮਦਦ ਲਈ ਗਈ ਸੀ। ਇਹ ਟ੍ਰੇਨਿੰਗ ਵੱਖ-ਵੱਖ ਬੈਚਾਂ ਵਿੱਚ ਦਿੱਤੀ ਗਈ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇੱਕ ਪਿਸਤੌਲ ਵਿੱਚ ਖਰਾਬੀ ਆਉਣ ਕਾਰਨ ਉਸ ਨੂੰ ਬਦਲਣਾ ਪਿਆ ਸੀ ਅਤੇ ਹਥਿਆਰਾਂ ਦੀ ਖਰੀਦ ਲਈ ਉਸ ਨੇ ਖੁਦ ਸਾਢੇ 3 ਲੱਖ ਰੁਪਏ ਦਿੱਤੇ ਸਨ।
ਸਮਰਾ ਨੇ ਦਾਅਵਾ ਕੀਤਾ ਕਿ ਉਸ ਦਾ ਅਰਸ਼ ਡੱਲਾ ਦੇ ਪਰਿਵਾਰ ਨਾਲ ਸੰਪਰਕ ਫਰੀਦਕੋਟ ਜੇਲ੍ਹ ਵਿੱਚ ਬੰਦ ਉਸ ਦੇ ਪਿਤਾ ਰਾਹੀਂ ਹੋਇਆ ਸੀ। ਬਾਅਦ ਵਿੱਚ ਕੈਨੇਡਾ ਪਹੁੰਚ ਕੇ ਉਸ ਨੇ ਅਰਸ਼ ਡੱਲਾ ਨਾਲ ਸੰਪਰਕ ਕੀਤਾ ਅਤੇ ਉਸ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ। ਸਮਰਾ ਮੁਤਾਬਕ, ਜਗਮੋਹਨ ਸਿੰਘ ਜੱਗਾ ਨਾਂ ਦੇ ਵਿਅਕਤੀ ਨੇ ਇਹ ਹਥਿਆਰ ਹਾਸਲ ਕੀਤੇ ਸਨ। ਉਸ ਨੇ ਇਹ ਵੀ ਆਰੋਪ ਲਾਇਆ ਕਿ ਅਰਸ਼ ਡੱਲਾ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਹਮਾਇਤ ਇਸ ਲਈ ਕੀਤੀ ਸੀ, ਕਿਉਂਕਿ ਉਹ ਖਾਲਿਸਤਾਨ ਦੀ ਗੱਲ ਕਰਦੇ ਸਨ।
ਦੂਜੇ ਪਾਸੇ, ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਇਨ੍ਹਾਂ ਸਾਰੇ ਆਰੋਪਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਰਸ਼ਪਾਲ ਸਿੰਘ ਸੋਸਨ ਨੇ ਕਿਹਾ ਕਿ ਸਮਰਾ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਸ ਦੀ ਆਪਣੀ ਭਰੋਸੇਯੋਗਤਾ 'ਤੇ ਵੀ ਸਵਾਲ ਹਨ। ਉਨ੍ਹਾਂ ਕਿਹਾ ਕਿ ਸਮਰਾ ਖੁਦ ਜੇਲ੍ਹ ਵਿੱਚੋਂ ਫਰਾਰ ਹੋਇਆ ਮੁਲਜ਼ਮ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕਿਸ ਦੇ ਇਸ਼ਾਰੇ 'ਤੇ ਅਜਿਹੇ ਬਿਆਨ ਦੇ ਰਿਹਾ ਹੈ। ਪਾਰਟੀ ਨੇ ਇਸ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਸਿਆਸੀ ਪਾਰਟੀ ਵਜੋਂ ਰਜਿਸਟਰ ਹੋਣ ਤੋਂ ਰੋਕਣ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ।
ਕੌਣ ਹੈ ਜਗਮਨ ਸਮਰਾ?
ਜਮਨਦੀਪ ਸਿੰਘ ਉਰਫ਼ ਜਗਮਨ ਸਮਰਾ ਕੈਨੇਡਾ ਵਿੱਚ ਰਹਿਣ ਵਾਲਾ ਐੱਨਆਰਆਈ ਹੈ। ਜਾਣਕਾਰੀ ਮੁਤਾਬਕ, ਉਸ ਖ਼ਿਲਾਫ਼ 65 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਹੈ। ਸਾਲ 2022 ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਹ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਉਸ ਨੂੰ 2021 ਵਿੱਚ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਫਰੀਦਕੋਟ ਜੇਲ੍ਹ ਭੇਜਿਆ ਗਿਆ ਸੀ। ਬਾਅਦ ਵਿੱਚ ਉਹ ਕੈਨੇਡਾ ਚਲਾ ਗਿਆ।
ਟ੍ਰੈਂਡਿੰਗ ਟੌਪਿਕ



















