ਚੰਡੀਗੜ੍ਹ: ਬਿਜਲੀ ਦੀਆਂ ਦਰਾਂ ਅਕਾਲੀਆਂ ਵੱਲੋਂ ਕੇਂਦਰ ਨਾਲ ਪਹਿਲਾ ਹੀ ਕੀਤੇ ਪਾਵਰ ਸਮਝੌਤੇ ਤਹਿਤ ਹੀ ਵਧੇ ਹਨ ਤੇ ਇਸ ਦੀ ਜ਼ਿੰਮੇਵਾਰੀ ਸਿਰਫ਼ ਅਕਾਲੀਆਂ ਦੀ ਹੀ ਹੈ, ਜਿਸ ਦਾ ਬੋਝ ਲੋਕਾਂ 'ਤੇ ਪਿਆ ਹੈ। ਇਸ ਗੱਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਹੀ ਹੈ।
ਜਾਖੜ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਈ ਐਸੇ ਫੈਸਲੇ ਲਏ ਜਿਨ੍ਹਾ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਰੈਗੂਲੇਟਰੀ ਕਮਿਸ਼ਨ ਵੱਲੋਂ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਦਾ ਕਾਰਨ ਵੀ ਉਨ੍ਹਾਂ ਪਿਛਲੀ ਸਰਕਾਰ ਉਤੇ ਮੜ੍ਹਿਆ ਕਿਉਂਕਿ ਅਕਾਲੀ ਭਾਜਪਾ ਸਰਕਾਰ ਨੇ ਹੀ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਇਕਰਾਰ ਕੀਤੇ ਹਨ।
ਉਨ੍ਹਾਂ ਕਿਹਾ ਕਿ ਪਾਵਰ ਪਲਾਟਾਂ ਵਿੱਚ ਬਿਜਲੀ ਦੇ ਸਮਾਨ ਨੂੰ ਵੱਧ ਰੇਟਾਂ 'ਤੇ ਲਗਾਇਆ ਗਿਆ ਸੀ ਜਿਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਦੇ ਦੌਰਾਨ ੫ ਲੱਖ ਦੇ ਕਰੀਬ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਚਲੇ ਗਏ ਹਨ ਜਿਸ ਲਈ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਿਛਲੀ ਸਰਕਾਰ ਦੇ ਕੀਤੇ ਕੰਮਾਂ ਦੀ ਜਾਂਚ ਕਰਵਾਏਗੀ।