ਬਠਿੰਡਾ: ਭਗਤ ਨਾਮਦੇਵ ਜੀ ਦੇ 747 ਪ੍ਰਕਾਸ਼ ਦਿਹਾੜੇ ਨਮਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸੰਗਤ ਤੋਂ ਇਲਾਵਾ ਇਸ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸ਼ਿਰਕਤ ਕਰਨੀ ਸੀ। ਮੰਤਰੀ ਨੂੰ ਸਵੇਰੇ 11 ਵਜੇ ਪਹੁੰਚਣ ਲਈ ਕਿਹਾ ਗਿਆ ਸੀ, ਕਿਉਂਕਿ ਨਗਰ ਕੀਰਤਨ ਸਜਾਉਣ ਲਈ ਇਹੋ ਸਮਾਂ ਤੈਅ ਹੋਇਆ ਸੀ।

ਵਿੱਤ ਮੰਤਰੀ ਤੈਅ ਕੀਤੇ ਸਮੇਂ ਤੋਂ ਤਕਰੀਬਨ 2 ਘੰਟੇ ਦੇਰੀ ਨਾਲ 12:45 ਵਜੇ ਪਹੁੰਚੇ। ਇਸ ਕਾਰਨ ਨਗਰ ਕੀਰਤਨ ਰਵਾਨਾ ਕਰਨ ਵਿੱਚ ਵੀ ਦੇਰੀ ਹੋ ਗਈ। ਮਨਪ੍ਰੀਤ ਬਾਦਲ ਦੇ ਦੇਰ ਨਾਲ ਪਹੁੰਚਣ ਕਾਰਨ ਨਾਮਦੇਵ ਨਗਰ ਤੋਂ ਇਹ ਨਗਰ ਕੀਰਤਨ ਤਕਰੀਬਨ 1 ਵਜੇ ਰਵਾਨਾ ਹੋਇਆ।

ਇਸ ਬਾਰੇ ਲੋਕਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਿਆਸੀ ਆਗੂਆਂ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਗਰ ਫੇਰੀ ਵਿੱਚ ਦੇਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੋਈ ਨਹੀਂ ਹੋ ਸਕਦਾ। ਇਸ ਮਾਮਲੇ ਕਾਰਨ ਗੱਤਕੇ ਦੇ ਖਿਡਾਰੀਆਂ ਨੇ ਵੀ ਦੁੱਖ ਜ਼ਾਹਰ ਕੀਤਾ।

ਹਾਲਾਂਕਿ, ਮਨਪ੍ਰੀਤ ਬਾਦਲ ਨੇ ਪਹੁੰਚਣ ਵਿੱਚ ਦੇਰੀ ਕਾਰਨ ਮੁਆਫੀ ਵੀ ਮੰਗੀ ਪਰ ਉਹ ਮੀਡੀਆ ਦੇ ਹੋਰ ਸਵਾਲਾਂ ਨੂੰ ਟਾਲਦੇ ਹੋਏ ਉੱਥੋਂ ਚਲਦੇ ਬਣੇ।