ਅਬੋਹਰ: ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਬਾਅਦ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦਾ ਖੂਬ ਢੰਢੋਰਾ ਪਿੱਟਿਆ ਸੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਸਭ ਤੋਂ ਅੱਗੇ ਹੋ ਕੇ ਪ੍ਰਚਾਰ ਵੀ ਕੀਤਾ। ਪਰ ਵੀਆਈਪੀ ਕਲਚਰ ਖ਼ਤਮ ਕਰਨ ਦੇ ਦਾਅਵਿਆਂ 'ਤੇ ਸਵਾਲ ਅਬੋਹਰ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ 'ਚ ਵੱਡੀ ਗਿਣਤੀ 'ਚ ਲੱਗੇ ਪੁਲਿਸ ਕਰਮੀਆਂ ਨੇ ਖੜ੍ਹੇ ਕਰ ਦਿੱਤੇ। ਸਿੱਧੂ ਦੀ ਸੁਰੱਖਿਆ ਲਈ ਪੂਰਾ ਅਬੋਹਰ ਪੁਲਿਸ ਛੌਣੀ 'ਤੇ ਤਬਦੀਲ ਕਰ ਦਿੱਤਾ ਗਿਆ।

ਭਾਰੀ ਸੁਰੱਖਿਆ ਕਾਰਨ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਇੱਕ ਔਰਤ ਨੂੰ ਰਿਕਸ਼ੇ ਰਾਹੀਂ ਆਪਣੇ ਬੀਮਾਰ ਬੱਚੇ ਨੂੰ ਹਸਪਤਾਲ ਲਿਜਾਣ ਤੋਂ ਵੀ ਪੁਲਿਸ ਨੇ ਰੋਕ ਦਿੱਤਾ। ਔਰਤ ਨੇ ਤਬੀਅਤ ਖਰਾਬ ਹੋਣ ਬਾਰੇ ਵੀ ਦੱਸਿਆ, ਪਰ ਪੁਲਿਸ ਨੇ ਕਿਸੇ ਹੋਰ ਰਸਤੇ ਜਾਣ ਲਈ ਕਿਹਾ। ਪੁਲਿਸ ਕਰਮੀਆਂ ਨੇ ਲੋਕਾਂ ਦੀਆਂ ਦੁਕਾਨਾਂ ਤੱਕ ਬੰਦ ਕਰਵਾ ਦਿੱਤੀਆਂ। ਜਿਸ ਕਾਰਨ ਲੋਕਾਂ ਨੂੰ ਨੁਕਸਾਨ ਵੀ ਝੱਲਣਾ ਪਿਆ।

ਸਿੱਧੂ ਦੇ ਆਗਮਨ ਤੋਂ ਬਾਅਦ ਲੋਕਾਂ ਦੇ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਧੱਕਾ ਮੁੱਕੀ ਵੀ ਹੋਈ ਤੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ। ਜਦੋਂ ਇਸ ਬਾਰੇ ਸਿੱਧੂ ਤੋਂ ਪੁੱਛਿਆ ਗਿਆ ਤਾਂ ਉਹ ਕਮੇਡੀ ਅੰਦਾਜ਼ 'ਚ ਟਾਲ ਮਟੋਲ ਕਰ ਗਏ।