Jalandhar News: ਮੁੱਖ ਮੰਤਰੀ ਭਗਵੰਤ ਮਾਨ 9 ਸਤਬੰਰ ਨੂੰ ਜਲੰਧਰ 'ਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ 'ਚ ਨਵੇਂ ਭਰਤੀ ਹੋਏ 500 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਭਾਵੇਂਕਿ ਪੋਸਟਾਂ ਤਾਂ 560 ਭਰੀਆਂ ਸਨ, ਪਰ ਇਨ੍ਹਾਂ ’ਚੋਂ 60 ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਜੁਆਇਨ ਨਹੀਂ ਕਰ ਰਹੇ। 



ਦੱਸ ਦਈਏ ਕਿ ‘ਆਪ’ ਸਰਕਾਰ ਦੌਰਾਨ ਸਬ-ਇੰਸਪੈਕਟਰਾਂ ਦੀ ਇਹ ਪਲੇਠੀ ਭਰਤੀ ਹੈ। ਇਸ ਤੋਂ ਪਹਿਲਾਂ ਅਜਿਹੀ ਭਰਤੀ 2021 ’ਚ ਕੈਪਟਨ ਸਰਕਾਰ ਵੇਲੇ ਹੋਈ ਸੀ। ਸੂਤਰਾਂ ਮੁਤਾਬਕ ਨਸ਼ਿਆਂ, ਗੈਂਗਸਟਰਾਂ ਤੇ ਹੋਰ ਮਾੜੇ ਅਨਸਰਾਂ ਸਮੇਤ ਵੱਖ-ਵੱਖ ਹੋਰ ਮੱਦਾਂ ਲਈ ਲੋੜੀਂਦੀ ਪੁਲਿਸ ਨਫਰੀ ਪਹਿਲਾਂ ਹੀ ਘੱਟ ਹੈ। ਉਪਰੋਂ ਹਰ ਮਹੀਨੇ ਸਵਾ ਸੌ ਦੇ ਕਰੀਬ ਪੁਲਿਸ ਮੁਲਾਜ਼ਮ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ’ਚੋਂ ਕੁਝ ਤਾਂ ਅਜਿਹੇ ਵੀ ਹਨ, ਜੋ ਅਗਾਊਂ ਹੀ ਸੇਵਾਮੁਕਤੀ ਲੈ ਰਹੇ ਹਨ। ਅਜਿਹੇ ਹਾਲਾਤ ’ਚ ਪੁਲਿਸ ਵਿਭਾਗ ’ਚ ਤਜਰਬੇਕਾਰ ਤਫਤੀਸ਼ੀ ਅਫ਼ਸਰਾਂ ਦੀ ਤੋਟ ਰੜਕਣ ਲੱਗੀ ਹੈ। 



ਇਹ ਵੱਖਰੀ ਗੱਲ ਹੈ ਕਿ ਭਾਵੇਂ ਨਵੀਂ ਫੋਰਸ ਵਿਚ ਪਹਿਲਾਂ ਦੇ ਮੁਕਾਬਲੇ ਵੱਧ ਪੜ੍ਹੇ ਲਿਖੇ ਤੇ ਆਈਟੀ ਮਾਹਰ ਪੁਲਿਸ ਵਾਲੇ ਵੀ ਆ ਰਹੇ ਹਨ, ਪਰ ਤਫਤੀਸ਼ ਸਮੇਤ ਕਈ ਹੋਰ ਮੱਦਾਂ ਤਜਰਬੇ ’ਤੇ ਵੀ ਨਿਰਭਰ ਕਰਦੀਆਂ ਹਨ। ਉਂਝ ਪਿਛਲੀਆਂ ਸਰਕਾਰਾਂ ਦੌਰਾਨ ਭਾਵੇਂ ਪੰਜ ਸਾਲ ’ਚ ਮੁੱਖ ਤੌਰ ’ਤੇ ਇੱਕ ਜਾਂ ਦੋ ਵਾਰ ਹੀ ਪੁਲਿਸ ਦੀ ਭਰਤੀ ਹੋਇਆ ਕਰਦੀ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਾਲ 2000 ਸਿਪਾਹੀ ਤੇ 500 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੋਇਆ ਹੈ।


ਅੱਜ 710 ਪਟਵਾਰੀਆਂ ਨੂੰ ਦਿੱਤੇ ਜਾ ਰਹੇ ਨਿਯੁਕਤੀ ਪੱਤਰ 
ਪੰਜਾਬ ਸਰਕਾਰ ਤੇ ਪਟਵਾਰੀਆਂ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਸੀਐਮ ਮਾਨ ਵੱਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਵੇਰੇ 11 ਵਜੇ ਹੋ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।