ਜਲੰਧਰ : ਯੂਕਰੇਨ ਵਿੱਚ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਏਅਰਲਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਕਈ ਵਿਦਿਆਰਥੀ ਅਜੇ ਵੀ ਯੂਕਰੇਨ 'ਚ ਫਸੇ ਹੋਏ ਹਨ, ਜਿਸ ਕਾਰਨ ਭਾਰਤ 'ਚ ਬੈਠੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। 

 

ਜਿਸ ਕਾਰਨ ਅੱਜ ਦੇਰ ਸ਼ਾਮ ਕੁੱਝ ਪਰਿਵਾਰਾਂ ਨੇ ਜਲੰਧਰ ਦੇ ਮਾਡਲ ਟਾਊਨ 'ਚ ਇਕੱਠੇ ਹੋ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਇਸ ਮੌਕੇ ਗੱਲਬਾਤ ਦੌਰਾਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਬੱਚੇ ਬੰਕਰਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਖਾਣਾ ਵੀ ਨਹੀਂ ਮਿਲ ਰਿਹਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੱਛਮੀ ਪਾਸਿਓਂ ਤਾਂ ਬੱਚਿਆਂ ਨੂੰ ਲਿਫਟ ਕੀਤਾ ਜਾ ਰਿਹਾ ਹੈ ਪਰ ਪੂਰਬੀ ਪਾਸੇ ਤੋਂ ਅਜਿਹਾ ਨਹੀਂ ਹੋ ਰਿਹਾ ਹੈ। 

 

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਸਰਹੱਦ 'ਤੇ ਭੇਜਿਆ ਜਾਵੇ ਅਤੇ ਉੱਥੋਂ ਏਅਰਲਿਫਟ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਮਿਲ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਉਹ ਸਾਰੇ ਬੱਚੇ ਹਨ ਅਤੇ ਉਨ੍ਹਾਂ ਦਾ ਉਥੇ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ ਤਾਂ ਉਹ ਸਰਕਾਰ ਨੂੰ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਸਾਡੇ ਕੋਲ ਵਾਪਸ ਲਿਆਂਦਾ ਜਾਵੇ।


ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਦੀ ਫੌਜ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹਮਲਾ ਕੀਤਾ ਹੈ। ਇਸ ਦੌਰਾਨ ਯੂਕਰੇਨ ਤੋਂ ਖਬਰਾਂ ਆ ਰਹੀਆਂ ਹਨ ਕਿ ਯੂਕਰੇਨ ਦੀ ਫੌਜ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਤੋਂ ਰੂਸੀ ਫੌਜ ਨੂੰ ਖਦੇੜ ਦਿੱਤਾ ਹੈ। ਇਕ ਨਿਊਜ਼ ਚੈਨਲ ਨੇ ਸਥਾਨਕ ਗਵਰਨਰ ਦੇ ਹਵਾਲੇ ਤੋਂ ਇਸ ਦੀ ਪੁਸ਼ਟੀ ਕੀਤੀ ਹੈ। ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਗ ਸਿਨੇਗੁਬੋਵ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਖਾਰਕੀਵ ਪੂਰੀ ਤਰ੍ਹਾਂ ਸਾਡੇ ਕੰਟਰੋਲ 'ਚ ਹੈ। ਸਾਡੀ ਫੌਜ ਨੇ ਰੂਸੀ ਫੌਜ ਨੂੰ ਖਦੇੜ ਦਿੱਤਾ ਹੈ।