ਜਲੰਧਰ: ਇੱਥੋਂ ਦਾ ਮਸ਼ਹੂਰ ਸੋਢਲ ਦਾ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਮੇਲੇ ਦੇ ਸਬੰਧ ਵਿੱਚ ਜਲੰਧਰ 'ਚ ਅੱਜ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਮੇਲੇ ਵਿੱਚ ਅੱਜ ਤੜਕੇ ਇੱਕ ਪੰਘੂੜਾ ਖੁੱਲ੍ਹ ਗਿਆ ਜਿਸ ਵਿੱਚ ਬੈਠੇ ਤਿੰਨ ਬੱਚੇ ਜ਼ਖ਼ਮੀ ਹੋ ਗਏ। ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ 1500 ਪੁਲਿਸ ਮੁਲਾਜ਼ਮਾਂ ਤਾਇਨਾਤ ਕੀਤੇ ਗਏ ਹਨ।
ਹਰ ਸਾਲ ਹੋਣ ਵਾਲੇ ਇਸ ਮੇਲੇ ਵਿੱਚ ਦੇਸ਼-ਵਿਦੇਸ਼ ਵਿੱਚੋਂ ਸ਼ਰਧਾਲੂ ਆਉਂਦੇ ਹਨ। ਖਾਸਕਰ ਦੋਆਬਾ ਦੇ ਲੋਕਾਂ ਵਿੱਚ ਇਸ ਮੇਲੇ ਦੀ ਕਾਫੀ ਮਾਨਤਾ ਹੈ। ਪੁਰਾਣੀਆਂ ਕਥਾਵਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ ਸਦੀਆਂ ਪਹਿਲਾਂ ਇੱਕ ਔਰਤ ਇਸ ਇਲਾਕੇ ਵਿੱਚ ਛੱਪੜ ਕੋਲ ਕੱਪੜੇ ਧੋ ਰਹੀ ਸੀ। ਉਸ ਦਾ ਸੱਤ-ਅੱਠ ਸਾਲ ਦਾ ਬੱਚਾ ਉਸ ਨੂੰ ਤੰਗ ਕਰ ਰਿਹਾ ਸੀ।
ਔਰਤ ਨੇ ਗੁੱਸੇ ਵਿੱਚ ਬੱਚੇ ਨੂੰ ਕਿਹਾ ਕਿ ਡੁੱਬ ਮਰ। ਬੱਚੇ ਨੇ ਛੱਪੜ ਵਿੱਚ ਛਾਲ ਮਾਰ ਦਿੱਤੀ। ਬੱਚੇ ਨੂੰ ਬਚਾਉਣ ਲਈ ਔਰਤ ਨੇ ਵੀ ਛੱਪੜ ਵਿੱਚ ਛਾਲ ਮਾਰੀ ਤਾਂ ਬੱਚਾ ਸੱਪ ਦਾ ਰੂਪ ਲੈ ਕੇ ਬਾਹਰ ਆਇਆ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਹੁਣ ਇਸ ਥਾਂ ਨੂੰ ਬਾਬਾ ਸੋਢਲ ਦੇ ਨਾਂ 'ਤੇ ਜਾਣਿਆ ਜਾਵੇਗਾ। ਇੱਥੇ ਹਰੇਕ ਦੀ ਮਨੋਕਾਮਨਾ ਪੂਰੀ ਹੋਵੇਗੀ। ਇਸ ਤੋਂ ਬਾਅਦ ਇੱਥੇ ਹਰ ਸਾਲ ਮੇਲਾ ਲੱਗਣਾ ਸ਼ੁਰੂ ਹੋ ਗਿਆ।