Jalandhar West Bypoll Result: ਪੰਜਾਬ ਵਿੱਚ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਨੂੰ ਐਲਾਨਿਆ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ। ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ (AAP) ਤੋਂ ਮਹਿੰਦਰ ਪਾਲ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (SAD) ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ (BSP) ਤੋਂ ਡਾ. ਬਿੰਦਰ ਕੁਮਾਰ ਚੋਣ ਮੈਦਾਨ ਵਿੱਚ ਹਨ।



ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਸ ਵਿਧਾਨ ਸਭਾ ਵਿੱਚ ਕੁੱਲ 1,71,482 ਵੋਟਰ ਹਨ। ਵੋਟਿੰਗ ਲਈ 181 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਆਮ ਆਦਮੀ ਪਾਰਟੀ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਇਸ ਸੀਟ 'ਤੇ ਉਪ ਚੋਣ ਹੋਈ ਹੈ। ਸ਼ੀਤਲ ਅੰਗੁਰਾਲ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ 28 ਮਾਰਚ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ 30 ਮਈ ਨੂੰ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ।


ਦਿਲਚਸਪ ਗੱਲ ਇਹ ਹੈ ਕਿ 2022 ਦੀਆਂ ਚੋਣਾਂ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅੰਗੁਰਾਲ ਚੋਣਾਂ ਲੜ ਰਹੇ ਸੀ, ਉਹ ਇਸ ਵਾਰ ਬੀਜੇਪੀ ਵੱਲੋਂ ਮੈਦਾਨ ਵਿੱਚ ਹਨ। ਇਸਦੇ ਨਾਲ ਹੀ ਬੀਜੇਪੀ ਵੱਲੋਂ ਚੋਣਾਂ ਲੜ੍ਹਨ ਵਾਲੇ ਮਹਿੰਦਰ ਪਾਲ ਭਗਤ ਇਸ ਬਾਰੇ ਆਪ ਵੱਲੋਂ ਚੋਣ ਲੜ੍ਹ ਰਹੇ ਹਨ। 


ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ਿਮਨੀ ਚੋਣ ਪ੍ਰਚਾਰ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ। ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਲੰਧਰ ਛਾਉਣੀ ਇਲਾਕੇ ਵਿੱਚ ਕਿਰਾਏ ’ਤੇ ਮਕਾਨ ਲਿਆ ਹੈ। ਕਿਉਂਕਿ, 'ਆਪ' ਲੋਕ ਸਭਾ ਚੋਣਾਂ 'ਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। 'ਆਪ' ਦੀ ਭਰੋਸੇਯੋਗਤਾ ਇਸ ਸੀਟ ਦੀ ਜਿੱਤ 'ਤੇ ਨਿਰਭਰ ਕਰਦੀ ਹੈ।


ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਇਸ ਵਾਰ ਵੋਟਿੰਗ ਫੀਸਦੀ 55 ਫੀਸਦੀ ਤੋਂ ਘੱਟ ਰਹੀ। ਜੋ ਕਿ ਇਸ ਸੀਟ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਵੋਟਿੰਗ ਸੀ। ਇਸ ਕਾਰਨ ਉਮੀਦਵਾਰ ਇਹ ਹਿਸਾਬ ਨਹੀਂ ਲਗਾ ਪਾ ਰਹੇ ਹਨ ਕਿ ਨਤੀਜਾ ਕੀ ਹੋਵੇਗਾ।