ਰਾਜਪੁਰਾ: ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਜਰਨੈਲ ਸਿੰਘ ਨੇ ਆਖਿਆ ਹੈ ਕਿ ਪਾਰਟੀ ਵਿੱਚ ਭ੍ਰਿਸ਼ਟ ਤੇ ਅਪਰਾਧਿਕ ਪਿਛਕੜ ਵਾਲੇ ਆਗੂਆਂ ਲਈ ਕੋਈ ਥਾਂ ਨਹੀਂ। ਪੰਜਾਬ ਮਾਮਲਿਆਂ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਸਟਿੰਗ ਓਪਰੇਸ਼ਨ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਇਹ ਇੱਕ ਬਹੁਤ ਦੀ ਗੰਭੀਰ ਮਾਮਲਾ ਹੈ ਤੇ ਜੇਕਰ ਇਸ ਵਿੱਚ ਸਚਾਈ ਹੋਈ ਤਾਂ ਕਾਰਵਾਈ ਨਿਸ਼ਚਿਤ ਹੈ। 'ਏਬੀਪੀ ਸਾਂਝਾ' ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਜਰਨੈਲ ਸਿੰਘ ਆਖਿਆ ਕਿ ਇਸੀ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਉਨ੍ਹਾਂ ਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੈ।


 

 

 

 

 




 
ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਦਿੱਲੀ ਵਾਪਸ ਪਰਤਦਿਆਂ ਰਾਜਪੁਰਾ ਵਿਖੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਟਿਕਟਾਂ ਨੂੰ ਲੈ ਕੇ ਪਾਰਟੀ ਵਿੱਚ ਜੋ ਨਾਰਾਜ਼ਗੀ ਹੈ, ਉਸ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨਵੀਂ ਹੈ ਤੇ ਅਜਿਹਾ ਵਿੱਚ ਜੋ ਗ਼ਲਤੀਆਂ ਪਿਛਲੇ ਸਮੇਂ ਦੌਰਾਨ ਹੋਈਆਂ ਹਨ, ਉਨ੍ਹਾਂ ਨੂੰ ਸੁਧਾਰਿਆ ਜਾ ਰਿਹਾ ਹੈ ਪਰ ਅਨੁਸ਼ਾਸਨਹੀਣਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਵਿੱਚ ਪਾਰਟੀ ਦੇ ਦਿੱਲੀ ਦੇ ਆਗੂਆਂ ਦਾ ਬੋਲਬਾਲਾ ਹੋਣ ਦੇ ਲੱਗੇ ਰਹੇ ਦੋਸ਼ ਨੂੰ ਨਕਾਰਦਿਆਂ ਜਰਨੈਲ ਸਿੰਘ ਨੇ ਆਖਿਆ ਕਿ ਅਜਿਹਾ ਕੁਝ ਵੀ ਨਹੀਂ। ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਜੋ ਅਨਜਾਣੇ ਵਿੱਚ ਗ਼ਲਤੀਆਂ ਹੋਈਆਂ ਹਨ ਉਨ੍ਹਾਂ ਤੋਂ ਸੇਧ ਲਈ ਗਈ ਹੈ।




 

 

 

 

 


ਡਾਕਟਰ ਧਰਮਵੀਰ ਗਾਂਧੀ ਦੇ ਨਵੇਂ ਸਿਆਸੀ ਫ਼ਰੰਟ ਦੇ ਮੁੱਦੇ ਉੱਤੇ ਬੋਲਦਿਆਂ ਜਰਨੈਲ ਸਿੰਘ ਨੇ ਆਖਿਆ ਕਿ ਪਹਿਲਾਂ ਉਹ ਲੋਕ ਸਭਾ ਦੀ ਮੈਂਬਰਸ਼ਿਪ ਛੱਡਣ ਫਿਰ ਨਵਾਂ ਰਾਜਨੀਤਕ ਮੰਚ ਕਾਇਮ ਕਰਨ। ਉਨ੍ਹਾਂ ਸਵਾਲ ਕੀਤਾ ਜੋ ਇਨਸਾਨ ਇਹ ਤਿਆਗ ਨਹੀਂ ਕਰ ਸਕਦਾ, ਉਹ ਪੰਜਾਬ ਲਈ ਕੀ ਤਿਆਗ ਕਰੇਗਾ। ਚੋਣਾਂ ਤੋਂ ਪਹਿਲਾਂ ਇੱਕ ਗੁਰਸਿੱਖ ਚਿਹਰੇ ਨੂੰ ਪੰਜਾਬ ਵਿੱਚ ਪਾਰਟੀ ਦਾ ਸਹਿ ਇੰਚਾਰਜ ਲਗਾਏ ਜਾਣ ਪਿੱਛੇ ਮਕਸਦ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਆਖਿਆ ਕਿ ਉਹ ਪਹਿਲਾਂ ਵੀ ਪੰਜਾਬ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਕਾਇਮ ਕਰ ਚੁੱਕੇ ਹਨ ਤੇ ਫਿਰ ਚੋਣਾਂ ਕਾਰਨ ਦਿੱਲੀ ਚਲੇ ਗਏ ਸਨ। ਹੁਣ ਪਾਰਟੀ ਦਾ ਫਿਰ ਤੋਂ ਹੁਕਮ ਹੋਇਆ ਤੇ ਉਹ ਆਪਣੀ ਡਿਊਟੀ ਦੇਣ ਲਈ ਪੰਜਾਬ ਆ ਗਏ ਹਨ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਦੇ ਜਿਨ੍ਹਾਂ ਆਗੂਆਂ ਉੱਤੇ ਬਾਹਰੀ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਉਨ੍ਹਾਂ ਨੇ ਪੰਜਾਬ ਵਿੱਚ ਪੰਚਾਇਤੀ ਦੀ ਚੋਣ ਵੀ ਨਹੀਂ ਲੜਨੀ। 




 



ਪੰਜਾਬ ਦੇ ਪਾਣੀਆਂ ਤੇ ਚੰਡੀਗੜ੍ਹ ਦੇ ਮਸਲੇ ਉੱਤੇ ਬੋਲਦਿਆਂ ਜਰਨੈਲ ਸਿੰਘ ਨੇ ਆਖਿਆ ਕਿ ਪਾਣੀ ਉੱਤੇ ਪਹਿਲਾਂ ਪੰਜਾਬ ਦਾ ਹੱਕ ਹੈ, ਕਿਸੇ ਹੋਰ ਸੂਬੇ ਦਾ ਨਹੀਂ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਅਕਾਲੀ ਸਰਕਾਰ ਉੱਤੇ ਵਰ੍ਹਦਿਆਂ ਜਰਨੈਲ ਸਿੰਘ ਆਖਿਆ ਕਿ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਇਹ ਸਾਰੇ ਮਸਲੇ ਉਲਝੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਤੰਬਰ ਮਹੀਨੇ ਤੋਂ ਚੋਣਾਂ ਤੱਕ 15 ਦਿਨ ਲਈ ਪੰਜਾਬ ਵਿੱਚ ਰਹਿਣਾ ਸ਼ੁਰੂ ਕਰ ਦੇਣਗੇ। ਜਰਨੈਲ ਸਿੰਘ ਆਖਿਆ ਕਿ ਕੇਜਰੀਵਾਲ ਦਾ ਪੰਜਾਬ ਵਿੱਚ ਟਿਕਾਣੇ ਲੁਧਿਆਣਾ ਤੇ ਫਗਵਾੜਾ ਦੇ ਵਿਚਕਾਰ ਹੋਵੇਗਾ ਕਿਉਂਕਿ ਇਸ ਸਥਾਨ ਤੋਂ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਜਾਣਾ ਆਸਾਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਜਰੀਵਾਲ ਨੇ ਕਾਫ਼ੀ ਗੁਰਮੁਖੀ ਸਿੱਖ ਲਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਪੰਜਾਬੀ ਵਿੱਚ ਗੱਲ ਕਰਦਿਆਂ ਸੁਣੇ ਜਾਣਗੇ।

 
ਦਿੱਲੀ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਪਹਿਲਾਂ ਤੋਂ ਜ਼ਿਆਦਾ ਲਾਇਸੰਸ ਦੇਣ ਦੇ ਅਕਾਲੀ ਦੇ ਦੋਸ਼ ਨੂੰ ਨਕਾਰਦਿਆਂ ਜਰਨੈਲ ਸਿੰਘ ਨੇ ਆਖਿਆ ਕਿ ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਨਸ਼ੇ ਦੇ ਮੁੱਦੇ ਉੱਤੇ ਅਕਾਲੀ ਦਲ ਨੂੰ ਨੈਤਿਕ ਆਧਾਰ ਉੱਤੇ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਨਸ਼ੇ ਲਈ ਕੌਣ ਜ਼ਿੰਮੇਵਾਰ ਹੈ ਇਹ ਸਭ ਜਾਣਦੇ ਹਨ।