ਚੰਡੀਗੜ੍ਹ: ਪੰਜ ਦਰਿਆਵਾਂ ਦੀ ਧਰਤੀ ਦੇ ਬਾਸਿੰਦੇ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਪੈਸੇ ਦੀ ਦੌੜ ਨੇ ਪੰਜਾਬੀਆਂ ਨੂੰ ਅਜਿਹੇ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ ਕਿ ਸੂਬੇ ਦੀ ਲਗਪਗ 40 ਫ਼ੀਸਦ ਧਰਤੀ ਹੇਠਲਾ ਪਾਣੀ ਪੀਣਯੋਗ ਹੀ ਨਹੀਂ ਰਿਹਾ। ਪੰਜਾਬ ਦੇ ਪਾਣੀ ਵਿੱਚ ਖ਼ਤਰਨਾਕ ਰਸਾਇਣਾਂ, ਭਾਰੀ ਧਾਤਾਂ ਤੇ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਮਿਥੇ ਮਿਆਰਾਂ ਨਾਲੋਂ ਕਿਤੇ ਵੱਧ ਹੈ।

ਦੱਸ ਦਈਏ ਕਿ ਦਹਾਕਿਆਂ ਤੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਤੱਥ ਪੰਜਾਬ ਦੇ ਧਰਤੀ ਹੇਠਲੇ ਪਾਣੀ ਬਾਰੇ ਕੰਪਟਰੋਲਰ ਔਡੀਟਰ ਜਨਰਲ (ਕੈਗ) ਵੱਲੋਂ ਤਿਆਰ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਵਿੱਚ ਉਭਰ ਕੇ ਸਾਹਮਣੇ ਆਏ ਹਨ। ਜਲ ਸਰੋਤਾਂ ਬਾਰੇ ਵਿਭਾਗ ਦੇ ਸੂਤਰਾਂ ਅਨੁਸਾਰ 26 ਸਫ਼ਿਆਂ ਦੀ ਇਹ ਰਿਪੋਰਟ ਵੀਰਵਾਰ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਰੱਖੀ ਜਾਵੇਗੀ।

ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਮਿਥੀ ਹੱਦ ਨਾਲੋਂ ਵੱਧ ਰਸਾਇਣਾਂ ਤੇ ਭਾਰੀ ਧਾਤਾਂ ਮਿਲੀਆਂ ਹਨ। ਮਨੁੱਖੀ ਵਰਤੋਂ ਦੀ ਗੱਲ ਤਾਂ ਛੱਡੋ, ਪੰਜਾਬ ਦਾ 10 ਫੀਸਦ ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ। ਇਸ ਤੋਂ ਇਲਾਵਾ 30 ਫੀਸਦ ਜ਼ਮੀਨੀ ਪਾਣੀ ਮਿਥੇ ਮਿਆਰ ਨਾਲੋਂ ਵੱਧ ਖਾਰਾ ਹੈ, ਜੋ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕੀ ਹਾਲ?

ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਮੁਕਤਸਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਪਟਿਆਲਾ ਵਿਚਲਾ ਧਰਤੀ ਹੇਠਲਾ ਪਾਣੀ ਕੈਡਮੀਅਮ ਦੀ ਮਾਤਰਾ ਵੱਧ ਹੋਣ ਕਾਰਨ ਦੂਸ਼ਿਤ ਹੈ।

ਸੰਗਰੂਰ, ਐਸਏਐਸ ਨਗਰ, ਤਰਨ ਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੂਪਨਗਰ ਦੇ ਪਾਣੀ ਵਿੱਚ ਕਰੋਮੀਅਮ ਦੀ ਮਾਤਰਾ ਵੱਧ ਹੈ ਜਦਕਿ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ) ਵਿਚਲੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਤੋਂ ਇਲਾਵਾ ਯੂਰੇਨੀਅਮ (ਰੇਡੀਓਐਕਟਿਵ ਸਮੱਗਰੀ) ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ।