Punjab News: ਝੂਠੇ ਪੁਲਿਸ ਮੁਤਾਬਲੇ ਵਿੱਚ ਤਿੰਨ ਨੌਜਵਾਨਾਂ ਨੂੰ ਕਤਲ ਕਰਨ ਦੇ ਕੇਸ ਵਿੱਚ ਆਖਰ 30 ਸਾਲਾਂ ਬਾਅਦ ਇਨਸਾਫ ਮਿਲਿਆ ਹੈ। ਪੁਲਿਸ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ। ਹੁਣ ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਝੂਠਾ ਮੁਕਾਬਲਾ ਕਰਨ ਵਾਲੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਤੇ 5-5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਮੁਲਾਜ਼ਮਾਂ ਵਿੱਚ ਥਾਣਾ ਡੇਰਾ ਬਾਬਾ ਨਾਨਕ ਦੇ ਤਤਕਾਲੀ ਸਹਾਇਕ ਸਬ-ਇੰਸਪੈਕਟਰ ਚੰਨਣ ਸਿੰਘ ਤੇ ਸਹਾਇਕ ਸਬ-ਇੰਸਪੈਕਟਰ ਤਰਲੋਕ ਸਿੰਘ ਦੇ ਨਾਂ ਸ਼ਾਮਲ ਹਨ। 



ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਲਖਬੀਰ ਕੌਰ ਵਿਧਵਾ ਹਰਜੀਤ ਸਿੰਘ ਵਾਸੀ ਪਿੰਡ ਅਲਾਵਲਪੁਰ ਕਲਾਨੌਰ ਨੇ ਅਦਾਲਤ ਵਿੱਚ ਇਸਤਗਾਸਾ ਦਾਇਰ ਕੀਤਾ ਸੀ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 364 ਤਹਿਤ ਦੋਸ਼ ਆਇਦ ਹੋਏ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ 21 ਮਾਰਚ, 1993 ਨੂੰ ਦੁਪਹਿਰ ਸਮੇਂ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਨਾਲ ਬੱਸ ਵਿੱਚ ਸਵਾਰ ਹੋ ਕੇ ਪਿੰਡ ਭੋਮਾ ਤੋਂ ਵਾਪਸ ਆ ਰਹੀ ਸੀ। 


ਇਹ ਵੀ ਪੜ੍ਹੋ- ਧਰਮ ਪਰਿਵਰਤਨ ਦਾ ਮੁੱਦਾ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਈਸਾਈ ਸਭਾ ਦੀ ਮੀਟਿੰਗ

ਇਸੇ ਬੱਸ ਵਿੱਚ ਉਨ੍ਹਾਂ ਦੇ ਜਾਣਕਾਰ ਵਿਰਸਾ ਸਿੰਘ, ਉਸ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਬਲਜਿੰਦਰ ਸਿੰਘ ਉਰਫ ਲਾਟੂ ਵੀ ਸਫ਼ਰ ਕਰ ਰਹੇ ਸਨ। ਜਦੋਂ ਬੱਸ ਤਲਵੰਡੀ ਰਾਮਾ ਦੇ ਬੱਸ ਅੱਡੇ ’ਤੇ ਰੁਕੀ ਤਾਂ ਅਚਾਨਕ ਥਾਣਾ ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਬਲਦੇਵ ਸਿੰਘ, ਕਾਂਸਟੇਬਲ ਚੰਨਣ ਸਿੰਘ, ਕਾਂਸਟੇਬਲ ਨਿਰਮਲ ਸਿੰਘ ਤੇ ਕੁਝ ਹੋਰ ਪੁਲੀਸ ਮੁਲਾਜ਼ਮ ਬੱਸ ਵਿੱਚ ਆ ਚੜ੍ਹੇ। 


ਇਹ ਵੀ ਪੜ੍ਹੋ- SYL ਨੂੰ ਲੈ ਕੇ ਪੰਜਾਬ 'ਚ ਫਿਰ ਛਿੜੀ ਬਹਿਸ, AAP ਸਣੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਪਾਣੀ ਨਾ ਦੇਣ 'ਤੇ ਡਟੀਆਂ


ਉਨ੍ਹਾਂ ਨੇ ਜ਼ਬਰਦਸਤੀ ਉਸ ਦੇ ਪੁੱਤਰ ਬਲਵਿੰਦਰ ਸਿੰਘ ਤੇ ਨਾਲ ਸਫ਼ਰ ਕਰ ਰਹੇ ਨੌਜਵਾਨ ਬਲਜਿੰਦਰ ਸਿੰਘ ਉਰਫ ਲਾਟੂ ਨੂੰ ਬੱਸ ਵਿੱਚੋਂ ਉਤਾਰ ਲਿਆ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਫੜਨ ਦਾ ਕਾਰਨ ਪੁੱਛਣ ’ਤੇ ਪੁਲਿਸ ਨੇ ਕਿਹਾ ਕਿ ਇਹ ਨੌਜਵਾਨ ਅਤਿਵਾਦੀ ਹਨ। ਪੁਲਿਸ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਥਾਣੇ ਵਿੱਚ ਲੈ ਗਈ। ਪਰਿਵਾਰ ਤੇ ਪਿੰਡ ਵਾਲੇ ਥਾਣਾ ਡੇਰਾ ਬਾਬਾ ਨਾਨਕ ਗਏ ਤੇ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਰਿਹਾਅ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਉਸ ਸਮੇਂ ਪੁਲਿਸ ਨੇ ਥਾਣੇ ਵਿੱਚ ਬਲਵਿੰਦਰ ਸਿੰਘ ਨਾਮ ਦਾ ਇੱਕ ਹੋਰ ਨੌਜਵਾਨ ਵੀ ਬਿਠਾਇਆ ਹੋਇਆ ਸੀ। 



ਇਸ ਮਗਰੋਂ 23 ਮਾਰਚ, 1993 ਪੁਲੀਸ ਉਨ੍ਹਾਂ ਨੂੰ ਜਬਰੀ ਗੱਡੀ ਵਿੱਚ ਬਿਠਾ ਕੇ ਪਿੰਡ ਕਠਿਆਲੀ ਵੱਲ ਲੈ ਗਈ, ਜਦ ਕਿ ਨੌਜਵਾਨ ਰੌਲਾ ਪਾ ਰਹੇ ਸਨ ਕਿ ਪੁਲਿਸ ਉਨ੍ਹਾਂ ਨੂੰ ਮਾਰ ਦੇਵੇਗੀ। ਇਸ ਮਗਰੋਂ ਕਠਿਆਲੀ ਵਾਸੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। 


ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਪੁੱਤਰ ਦੀ ਲਾਸ਼ ਵੀ ਨਹੀਂ ਦਿੱਤੀ ਤੇ ਖ਼ੁਦ ਹੀ ਸਸਕਾਰ ਕਰ ਦਿੱਤਾ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਕਰੀਬ 30 ਸਾਲ ਤੱਕ ਚੱਲੀ, ਜਿਸ ਦੌਰਾਨ ਤਿੰਨ ਹੋਰ ਪੁਲਿਸ ਮੁਲਜ਼ਮਾਂ ਥਾਣਾ ਮੁਖੀ ਬਲਦੇਵ ਸਿੰਘ, ਸਹਾਇਕ ਸਬ-ਇੰਸਪੈਕਟਰ ਗਿਆਨ ਸਿੰਘ ਤੇ ਹੈੱਡਕਾਂਸਟੇਬਲ ਨਿਰਮਲ ਸਿੰਘ ਦੀ ਮੌਤ ਹੋ ਗਈ।