ਜਲੰਧਰ : ਜਲੰਧਰ ਦੇ ਦੇਵੀ ਤਾਲਾਬ ਮੰਦਰ ਦੇ ਨਾਲ ਗਊਸ਼ਾਲਾ ਦੇ ਸਾਹਮਣੇ ਕੰਧ 'ਤੇ ਸਿੱਖ ਫਾਰ ਜਸਟਿਸ ਵੱਲੋਂ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ। ਸੀਆਈਏ ਸਟਾਫ਼ ਦੀ ਪੁਲਿਸ ਨੇ ਮਨਜੀਤ ਸਿੰਘ ਨੂੰ ਕਰਨਾਲ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਮਨਜੀਤ ਸਿੰਘ ਨੂੰ ਪੁਲਿਸ ਨੇ ਇੱਕ ਹਫ਼ਤਾ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। 

 

ਪੁਲਿਸ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਮਨਜੀਤ ਸਿੰਘ ਨੇ ਇਸ ਤੋਂ ਪਹਿਲਾਂ ਕਰਨਾਲ ਦੇ ਸਕੂਲ ਅਤੇ ਕਾਲਜ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ। ਦੱਸ ਦੇਈਏ ਕਿ ਬੀਤੀ 15 ਜੂਨ ਨੂੰ ਸ਼੍ਰੀ ਦੇਵੀ ਤਾਲਾਬ ਮੰਦਿਰ ਨੇੜੇ ਗਊਆਂ ਦੇ ਸਾਹਮਣੇ ਕਿਸੇ ਸ਼ਰਾਰਤੀ ਅਨਸਰ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਲਿਖਿਆ ਗਿਆ ਸੀ। ਕੰਧ 'ਤੇ ਖਾਲਿਸਤਾਨ ਲਿਖਣ ਵਾਲਾ ਵਿਅਕਤੀ ਪਟਿਆਲਾ ਦੇ ਪਿੰਡ ਗੁਰਦਿੱਤਪੁਰ ਦਾ ਰਹਿਣ ਵਾਲਾ ਮਨਜੀਤ ਸਿੰਘ ਹੈ।

 

ਪੁਲਿਸ ਨੇ ਮਨਜੀਤ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਜਲੰਧਰ 'ਚ ਵੀ ਅਜਿਹਾ ਕੀਤਾ ਹੈ। ਮੰਗਲਵਾਰ ਨੂੰ ਕਮਿਸ਼ਨਰੇਟ ਪੁਲਿਸ ਕਰਨਾਲ ਜੇਲ੍ਹ 'ਚ ਬੰਦ ਮਨਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ। ਮਨਜੀਤ ਸਿੰਘ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
 

ਪੁਲਿਸ ਵੱਲੋਂ ਹਾਸਲ ਕੀਤੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਬਾਈਕ ’ਤੇ ਆਇਆ ਅਤੇ ਇਹ ਨਾਅਰਾ ਲਿਖ ਕੇ ਫ਼ਰਾਰ ਹੋ ਗਿਆ। ਮਨਜੀਤ ਨੇ ਦੱਸਿਆ ਸੀ ਕਿ ਇਸ ਕੰਮ ਵਿੱਚ ਰੇਸ਼ਮ ਸਿੰਘ ਨੇ ਉਸਦੀ ਮਦਦ ਕੀਤੀ ਸੀ। ਉਹ ਬਰਨਾਲਾ ਦਾ ਰਹਿਣ ਵਾਲਾ ਹੈ। ਉਸ ਨੂੰ ਇੰਟਰਨੈੱਟ ਮੀਡੀਆ ਰਾਹੀਂ ਅਮਰੀਕਾ ਦੇ ਇੱਕ ਨੰਬਰ ਤੋਂ ਕਾਲ ਆਈ।

 


ਅੱਜ ਕੱਲ੍ਹ ਸੂਬੇ ਦੇ ਹਰ ਇੱਕ ਜਿਲ੍ਹੇ ਦੀਆਂ ਮਸ਼ਹੂਰ ਥਾਵਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਲਿਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਦਕਿ ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਦੇਵੀ ਤਾਲਾਬ ਨੇੜੇ ਸਵੇਰੇ 7 ਵਜੇ ਦੇਵੀ ਤਾਲਾਬ ਨਾਲ ਦੀ ਗਊਸ਼ਾਲਾ ਦੇ ਸਾਹਮਣੇ ਵਾਲੀ ਗਲੀ ਵਿੱਚ ਇਕ ਫੈਕਟਰੀ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ਦੀ ਖ਼ਬਰ ਫੈਲ ਗਈ।