Khalistani Slogans : ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਘਰ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਘਰ ਦੀ ਕੰਧ 'ਤੇ ਲਿਖਿਆ ''ਖਾਲਿਸਤਾਨ ਵੋਟ 26 ਜਨਵਰੀ'', ਇਹ ਵੀਡੀਓ ਵਾਇਰਲ ਹੋ ਰਹੀ ਹੈ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਉੱਥੇ ਕੋਈ ਨਾਅਰੇ ਨਹੀਂ ਲਿਖੇ ਹੋਏ ਹਨ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿੱਥੇ ਰਾਧਾ ਸੁਆਮੀ ਸਤਿਸੰਗ ਘਰ ਸੰਗਰੂਰ ਨੰਬਰ 1 ਲਿਖਿਆ ਹੋਇਆ ਹੈ, ਉਸ ਦੇ ਹੇਠਾਂ ਨਾਅਰੇ ਲਿਖੇ ਹੋਏ ਸਨ।



ਉਥੇ ਮੌਜੂਦ ਰਾਧਾ ਸੁਆਮੀ ਡੇਰੇ ਦੇ ਸੇਵਾਦਾਰ ਕਹਿ ਰਹੇ ਹਨ ਕਿ ਸਾਨੂੰ ਕੁਝ ਨਹੀਂ ਪਤਾ। ਅਸੀਂ ਰਾਤ 10 ਵਜੇ ਤੱਕ ਡਿਊਟੀ ਕਰਦੇ ਹਾਂ ਅਤੇ ਸਵੇਰੇ 5 ਵਜੇ ਤੋਂ ਹੀ ਸੇਵਾਦਾਰ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਜਿੱਥੋਂ ਤੱਕ ਸੀਸੀਟੀਵੀ ਕੈਮਰਿਆਂ ਦੀ ਗੱਲ ਹੈ, ਉਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹਨ। ਡੇਰਾ ਸੇਵਾਦਾਰਾਂ ਨੇ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਕੈਮਰੇ ਨਹੀਂ ਲਗਾ ਸਕਦੇ। ਪੁਲਿਸ ਨੇ ਸਾਡੇ ਤੋਂ ਵੀ ਪੁੱਛਗਿੱਛ ਕੀਤੀ ਹੈ, ਡੇਰੇ ਦੀ ਇਜਾਜ਼ਤ ਨਾਲ ਜੋ ਵੀ ਹੁੰਦਾ ਹੈ, ਓਹੀ ਹੋ ਸਕਦਾ ਹੈ।

 


 

ਇਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਹਲਕਾ ਤਲਵੰਡੀ ਭਾਈ ’ਚ ਸਥਿਤ ਡੇਰਾ ਰਾਧਾ ਸਵਾਮੀ ਦੀਆਂ ਕੰਧਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸੰਬੰਧੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਵਲੋਂ ਇਕ ਵੀਡੀਓ ਵੀ ਜਾਰੀ ਕੀਤਾ ਗਿਆ ਸੀ। ਇਸ ਵਿਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੇਂਦਰ ਦੇ ਸਾਥ ਨਾ ਦੇਣ ਲਈ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅੱਤਵਾਦੀ ਪੰਨੂੰ ਨੇ ਡੇਰਾ ਮੁਖੀ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਵੀ ਰੋਕਿਆ ਸੀ। 

 

ਦੱਸ ਦਈਏ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਕਿ ਥਾਵਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਅੱਜ ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਘਰ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਵਲੋਂ ਕੰਧਾਂ ’ਤੇ ਲਿਖੇ ਨਾਅਰੇ ਕਾਲੇ ਰੰਗ ਨਾਲ ਮਿਟਾਏ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।