Kohinoor Diamond: ਮਹਾਰਾਜਾ ਰਣਜੀਤ ਸਿੰਘ ਦਾ ਕੋਹਿਨੂਰ ਹੀਰਾ ਬਰਤਾਨੀਆ ਤੋਂ ਵਾਪਸ ਆਏਗਾ। ਭਾਰਤ ਸਰਕਾਰ ਇਸ ਬਾਰੇ ਕੋਸ਼ਿਸ਼ਾਂ ਕਰ ਰਹੀ ਹੈ। ਇਹ ਦਾਅਵਾ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ ਹੈ। ਮੇਘਵਾਲ ਨੇ ਕਿਹਾ ਹੈ ਕਿ ਕੋਹਿਨੂਰ ਹੀਰੇ ਨੂੰ ਭਾਰਤ ਵਾਪਸ ਲਿਆਉਣ ਦਾ ਮਾਮਲਾ ‘ਸਰਕਾਰ ਦੇ ਵਿਚਾਰਅਧੀਨ ਹੈ।’ ਕੁਝ ਦਿਨ ਪਹਿਲਾਂ ਸੰਸਦੀ ਕਮੇਟੀ ਕੋਲ ਇੱਕ ਰਿਪੋਰਟ ਰੱਖੀ ਗਈ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਬਰਤਾਨਵੀ ਸਾਮਰਾਜ ਵੱਲੋਂ ਲੈ ਲਿਆ ਗਿਆ ਕੋਹਿਨੂਰ ਹੀਰਾ ਤੇ ਹੋਰ ਕੀਮਤੀ ਵਸਤਾਂ ਵਾਪਸ ਮੰਗਣ ਤੋਂ ਭਾਰਤ ਨੂੰ ਕੋਈ ਵੀ ਨਹੀਂ ਰੋਕ ਸਕਦਾ। 


ਸੱਭਿਆਚਾਰ ਬਾਰੇ ਕੇਂਦਰੀ ਰਾਜ ਮੰਤਰੀ ਮੇਘਵਾਲ ਨੇ ਕੋਹਿਨੂਰ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਸਿਰਫ਼ 13 ਚੋਰੀ ਕੀਤੀਆਂ ਗਈਆਂ ਵਸਤਾਂ ਮੋੜੀਆਂ ਗਈਆਂ ਹਨ। ਜਦਕਿ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ 231 ਚੋਰੀ ਕੀਤੀਆਂ ਪੁਰਾਤਨ ਵਸਤਾਂ ਵਾਪਸ ਲਿਆਂਦੀਆਂ ਗਈਆਂ ਹਨ। ਮੇਘਵਾਲ ਨੇ ਕਿਹਾ ਕਿ ਸਰਕਾਰ ਨੇ ਸੰਸਦੀ ਕਮੇਟੀ ਦੀ ਰਿਪੋਰਟ ਪੜ੍ਹ ਲਈ ਹੈ ਤੇ ਕੋਹਿਨੂਰ ਬਾਰੇ ਵਿਚਾਰ ਹੋ ਰਿਹਾ ਹੈ। 


ਦੱਸ ਦਈਏ ਕਿ ਟਰਾਂਸਪੋਰਟ, ਸੈਰ-ਸਪਾਟਾ ਤੇ ਸਭਿਆਚਾਰ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਚੋਰੀ ਹੋਈਆਂ ਵਿਰਾਸਤੀ ਚੀਜ਼ਾਂ ਬਾਰੇ ਆਪਣੀ ਰਿਪੋਰਟ ਵਿੱਚ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕੋਹਿਨੂਰ ਨੂੰ ਵਾਪਸ ਲਿਆਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ। ਯਾਦ ਰਹੇ 105.6 ਕੈਰੇਟ ਦਾ ਕੋਹਿਨੂਰ ਦੁਨੀਆ ਦੇ ਸਭ ਤੋਂ ਵੱਡੇ ਆਕਾਰ ਦੇ ਕੱਟੇ ਹੋਏ ਹੀਰਿਆਂ ਵਿੱਚ ਸ਼ਾਮਲ ਹੈ। ਇਹ ਵਰਤਮਾਨ ਵਿਚ ਯੂਕੇ ਦੇ ‘ਕਰਾਊਨ ਜਿਊਲਜ਼’ ਦਾ ਹਿੱਸਾ ਹੈ ਜਿਸ ਨੂੰ ਸ਼ਾਹੀ ਪਰਿਵਾਰ ਪਹਿਨਦਾ ਹੈ। 



ਵਾਈਐਸਆਰ ਕਾਂਗਰਸ ਦੇ ਆਗੂ ਵਿਜੈਸਾਈ ਰੈੱਡੀ ਦੀ ਅਗਵਾਈ ਵਿਚ ਕਮੇਟੀ ਨੇ ਸਰਕਾਰ ਨੂੰ ਇਸ ਕੀਮਤੀ ਇਤਿਹਾਸਕ ਵਿਰਾਸਤ ਨੂੰ ਵਾਪਸ ਲਿਆਉਣ ਲਈ ਆਲਮੀ ਪੱਧਰ ਉਤੇ ਪ੍ਰਚੱਲਿਤ ਪ੍ਰਕਿਰਿਆ ਦਾ ਪਾਲਣ ਕਰਨ ਦਾ ਸੁਝਾਅ ਦਿੱਤਾ ਹੈ। ਕਮੇਟੀ ਦੇ ਸੂਤਰਾਂ ਮੁਤਾਬਕ ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਦੇ ਕੇਂਦਰੀ ਸਕੱਤਰ ਨਿਤੇਨ ਚੰਦਰਾ ਨੇ ਕਮੇਟੀ ਨੂੰ ਜਾਣੂ ਕਰਾਇਆ ਸੀ ਕਿ 1970 ਦੇ ਇਕ ਯੂਨੈਸਕੋ ਸਮਝੌਤੇ ਤਹਿਤ ਕੋਹਿਨੂਰ ਨੂੰ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਵਿੱਢੀ ਜਾ ਸਕਦੀ ਹੈ। 


ਦੱਸ ਦਈਏ ਕਿ ਇਸੇ ਸਾਲ ਮਈ ਵਿਚ ‘ਟੈਲੀਗ੍ਰਾਫ ਯੂਕੇ’ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੋਹਿਨੂਰ ਤੇ ਹੋਰ ਹਜ਼ਾਰਾਂ ਕੀਮਤੀ ਵਸਤਾਂ ਨੂੰ ਵਾਪਸ ਲਿਆਉਣ ਖਾਤਰ ਭਾਰਤ ਕੂਟਨੀਤਕ ਮੁਹਿੰਮ ਵਿੱਢ ਸਕਦਾ ਹੈ ਜੋ ਕਿ ਬਸਤੀਵਾਦੀ ਯੁੱਗ ਨਾਲ ਜੁੜੀਆਂ ਹੋਈਆਂ ਹਨ।