ਫ਼ਰੀਦਕੋਟ: ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਵਿੱਚ ਚੋਪੜਾ ਵਾਲੇ ਬਾਗ ਦੇ ਨਜਦੀਕ ਦੋ ਵਿਅਕਤੀਆਂ ਵੱਲੋਂ ਦੋ ਔਰਤਾਂ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵਾਂ ਧਿਰਾਂ ਦਰਮਿਆਨ ਦੁਕਾਨ ਦਾ ਵਿਵਾਦ ਚੱਲ ਰਿਹਾ ਹੈ। ਮੁਲਜ਼ਮਾਂ ਹਾਲੇ ਤਕ ਫਰਾਰ ਹਨ।

ਕੋਟਕਪੂਰਾ ਦੇ ਚੋਪੜਾ ਵਾਲੇ ਬਾਗ ਨਜ਼ਦੀਕ ਇਹ ਘਟਨਾ ਵਾਪਰੀ। ਪੀੜਤ ਔਰਤ ਰਾਣੀ ਪਤਨੀ ਵੀਰ ਸਿੰਘ ਨੇ ਕੋਟਕਪੂਰਾ ਦੇ ਸ਼ਹਿਰੀ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਫੋਟੋਗਰਾਫੀ ਦੀ ਦੁਕਾਨ ਹੈ। ਜਦ ਉਹ ਸਵੇਰੇ ਦੁਕਾਨ 'ਤੇ ਗਈ ਤਾਂ ਉੱਥੇ ਸੁਖਦੇਵ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਕੋਟਕਪੂਰਾ, ਉਨ੍ਹਾਂ ਦੀ ਦੁਕਾਨ ਤੋਂ ਸਾਮਾਨ ਕੱਢ ਕਰ ਬਾਹਰ ਸੁੱਟ ਰਹੇ ਸਨ। ਉਨ੍ਹਾਂ ਅਜਿਹਾ ਕਰ ਤੋਂ ਰੋਕਿਆ ਤਾਂ ਉਨ੍ਹਾਂ ਨੇ ਕੁੱਟ ਮਾਰ ਸ਼ੁਰੂ ਕਰ ਦਿੱਤੀ।

ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦਾ ਹਮਲਾਵਰਾਂ ਨਾਲ ਦੁਕਾਨ ਦਾ ਵਿਵਾਦ ਚੱਲ ਰਿਹਾ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ। ਫ਼ਰੀਦਕੋਟ ਐਸਪੀ (ਪੜਤਾਲੀਆ) ਗੁਰਮੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਐਸਸੀ ਐਕਟ ਦੀਆਂ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।