ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ ਲਾਭ ਸਿੰਘ ਸਕੂਲ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਜਿੱਥੇ ਉਨ੍ਹਾਂ ਦੀ ਮਾਤਾ ਬਲਦੇਵ ਕੌਰ ਪਿਛਲੇ 25 ਸਾਲਾਂ ਤੋਂ ਸਫ਼ਾਈ ਕਰਮਚਾਰੀ ਹਨ। ਲਾਭ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ "ਬਹੁਤ ਮਾਣ ਵਾਲੀ ਗੱਲ ਹੈ, ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਬੇਟਾ ਵਿਧਾਇਕ ਬਣ ਗਿਆ ਹੈ।" ਲਾਭ ਸਿੰਘ ਸਾਧਾਰਨ ਤੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਉਹ ਖੁਦ ਮੋਬਾਈਲ ਰਿਪੇਅਰਿੰਗ ਦੀ ਦੁਕਾਨ 'ਤੇ ਕੰਮ ਕਰਦਾ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਡਰਾਈਵਰ ਤੇ ਮਾਂ ਸਰਕਾਰੀ ਸਕੂਲ 'ਚ ਸਵੀਪਰ ਹੈ।



ਦੱਸ ਦਈਏ ਕਿ ਲਾਭ ਸਿੰਘ ਨੇ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ 37000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਮਾਤਾ ਬਲਦੇਵ ਕੌਰ ਦਾ ਕਹਿਣਾ ਹੈ ਕਿ ਬੇਟਾ ਭਾਵੇਂ ਵਿਧਾਇਕ ਬਣ ਗਿਆ ਹੈ ਪਰ ਉਸ ਦਾ ਪਰਿਵਾਰ ਅੱਜ ਵੀ ਮਿਹਨਤ ਦੀ ਕਮਾਈ ਨੂੰ ਪ੍ਰਮੁੱਖਤਾ ਦੇ ਰਿਹਾ ਹੈ। ਲਾਭ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਜਾਰੀ ਰੱਖੇਗੀ।

ਉਨ੍ਹਾਂ ਕਿਹਾ ਕਿ ਬੜੀਆਂ ਔਕੜਾਂ ਤੇ ਮੁਸੀਬਤਾਂ ਨਾਲ ਉਸ ਨੇ ਆਪਣੇ ਪੁੱਤਰ ਲਾਭ ਨੂੰ ਪੜ੍ਹਾਇਆ ਤੇ ਪਾਲਿਆ ਹੈ। ਹੁਣ ਜਦੋਂ ਉਨ੍ਹਾਂ ਦਾ ਬੇਟਾ ਵਿਧਾਇਕ ਬਣ ਗਿਆ ਹੈ ਤਾਂ ਉਹ ਇਸ ਗੱਲ ਤੋਂ ਬਹੁਤ ਖੁਸ਼ ਹੈ ਪਰ ਉਹ ਆਪਣੀ ਡਿਊਟੀ ਕਰਦੇ ਰਹਿਣਗੇ। ਡਰਾਈਵਿੰਗ ਕਰਕੇ ਰੋਜ਼ੀ ਰੋਟੀ ਕਮਾਉਣ ਵਾਲੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਬੇਟਾ ਤਾਂ ਵਿਧਾਇਕ ਬਣ ਗਿਆ ਹੈ ਪਰ ਅਸੀਂ ਦੋਵੇਂ ਆਪਣਾ ਕੰਮ-ਕਾਜ ਜਾਰੀ ਰੱਖਾਂਗੇ ਤੇ ਇਸ ਕਮਾਈ ਨਾਲ ਆਪਣਾ ਘਰ ਚਲਾਵਾਂਗੇ।

ਲਾਭ ਸਿੰਘ ਦਾ ਸਾਧਾਰਨ ਪਰਿਵਾਰ ਹੈ। ਦੋ ਕਮਰਿਆਂ ਵਾਲੇ ਮਕਾਨ ਵਿੱਚ ਰਹਿਣ ਵਾਲੇ ਲਾਭ ਸਿੰਘ ਦੀ ਪਤਨੀ ਘਰੇਲੂ ਔਰਤ ਹੈ ਤੇ ਉਸ ਦੇ ਦੋ ਬੱਚੇ ਹਨ। ਲਾਭ ਸਿੰਘ ਪਿਛਲੇ 10 ਸਾਲਾਂ ਤੋਂ 'ਆਪ' ਨਾਲ ਜੁੜੇ ਹੋਏ ਹਨ। ਉਹ ਭਗਵੰਤ ਮਾਨ ਦੇ ਕਰੀਬੀ ਹਨ। ਲਾਭ ਸਿੰਘ ਉਗੋਕੇ ਕੋਲ ਸਿਰਫ਼ 75 ਹਜ਼ਾਰ ਰੁਪਏ ਨਕਦ ਤੇ 2014 ਮਾਡਲ ਦਾ ਪੁਰਾਣਾ ਮੋਟਰ ਸਾਈਕਲ ਤੇ ਦੋ ਕਮਰਿਆਂ ਵਾਲਾ ਮਕਾਨ ਹੈ।

ਲਾਭ ਸਿੰਘ ਨੇ ਆਪਣੀ ਜਿੱਤ 'ਤੇ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ। ਉਨ੍ਹਾਂ ਕਿਹਾ ਸੀ ਕਿ ਉਹ ਨਿਜ਼ਾਮ ਬਦਲਣ ਦੀ ਲੜਾਈ ਲੜ ਰਹੇ ਹਨ, ਕਿਸੇ ਵੀ ਕੀਮਤ 'ਤੇ ਆਪਣੀ ਜ਼ਮੀਰ ਨਹੀਂ ਬਦਲ ਸਕਦੇ ਕਿਉਂਕਿ ਕੁਲੀਆਂ ਵਾਲਿਆ ਦੀ ਲੜਾਈ ਮਹਿਲਾਂ ਵਾਲਿਆਂ ਨਾਲ ਸੀ ਪਰ ਭਦੌੜ ਦੇ ਜੁਝਾਰੂ ਲੋਕਾਂ ਨੇ ਸਰਮਾਏਦਾਰ ਚੰਨੀ ਨੂੰ ਭਾਰੀ ਬਹੁਮਤ ਨਾਲ ਹਰਾ ਕੇ 1952 ਦਾ ਇਤਿਹਾਸ ਦੁਹਰਾਇਆ।

ਉਨ੍ਹਾਂ ਨੇ ਦੱਸਿਆ ਸੀ ਕਿ 1952 ਵਿਚ ਗਰੀਬ ਅਰਜਨ ਸਿੰਘ ਇੱਕ ਰਾਜੇ ਦੇ ਖਿਲਾਫ ਚੋਣ ਲੜ ਰਿਹਾ ਸੀ। ਅਰਜਨ ਸਿੰਘ ਬੈਲ ਗੱਡੀਆਂ 'ਤੇ ਚੋਣ ਪ੍ਰਚਾਰ ਕਰਦਾ ਸੀ ਪਰ ਰਾਜੇ ਕੋਲ ਸਾਰੇ ਸਾਧਨ ਸਨ ਤੇ ਉਸ ਰਾਜੇ ਨੇ ਉਸ ਸਮੇਂ ਆਪਣੀ ਚੋਣ 'ਤੇ ਇਕ ਲੱਖ ਰੁਪਏ ਖਰਚ ਕੀਤੇ ਸਨ ਪਰ ਭਦੌੜ ਦੇ ਲੋਕਾਂ ਨੇ ਅਰਜਨ ਸਿੰਘ ਨੂੰ ਜਿੱਤ ਦਿਵਾਈ ਤੇ ਰਾਜੇ ਨੂੰ ਹਰਾ ਕੇ ਹਉਮੈ ਤੋੜ ਦਿੱਤੀ। ਇਸ ਵਾਰ ਵੀ ਭਦੌੜ ਵਿੱਚ ਅਜਿਹਾ ਹੀ ਹੋਇਆ ਹੈ ਤੇ ਉਹ ਹਲਕਾ ਭਦੌੜ ਨੂੰ ਦਿੱਲੀ ਮਾਡਲ ਵਾਂਗ ਵਿਕਸਤ ਕਰਨਗੇ।