Ladhiana News: ਸਰਦੀਆਂ ਵਿੱਚ ਠੰਢ ਤੋਂ ਬਦਣ ਲਈ ਅਕਸਰ ਲੋਕ ਧੂਣੀ ਬਾਲ ਲੈਂਦੇ ਹਨ ਪਰ ਥੋੜ੍ਹੀ ਜਿਹੀ ਅਣਗਿਹਲੀ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਸ਼ਨਿੱਚਰਵਾਰ ਨੂੰ ਇੱਕ ਸਵਿਫ਼ਟ ਕਾਰ ਨੂੰ ਅੱਗ ਲੱਗ ਗਈ। ਇਹ ਅੱਗ ਧੂਣੀ ਕਰਕੇ ਲੱਗੀ।
ਦਰਅਸਲ ਲੁਧਿਆਣਾ ਦੇ ਭਾਰਤ ਨਗਰ ਚੌਕ ਕੋਲ ਬੀਐਸਐਨਐਲ ਐਕਸਚੇਂਜ ਨੇੜੇ ਠੰਢ ਤੋਂ ਬਚਣ ਲਈ ਕੁਝ ਲੋਕ ਅੱਗ ਬਾਲ ਕੇ ਅੱਗ ਸੇਕ ਰਹੇ ਸਨ। ਇਸ ਦੌਰਾਨ ਕਿਸੇ ਕਾਰਨ ਅੱਗ ਜ਼ਿਆਦਾ ਭੜਕ ਗਈ ਤੇ ਅੱਗ ਦੀਆਂ ਲਪਟਾਂ ਨੇ ਕਾਰ ਨੂੰ ਆਪਣੀ ਚਪੇਟ ’ਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਕਾਰ ਦੇ ਇੰਜਣ ਤੱਕ ਪੁੱਜ ਗਈਆਂ।
ਕਾਰ ਦੇ ਇੰਜਣ ਵਾਲੀ ਸਾਈਡ ਅੱਗ ਲੱਗਣੀ ਸ਼ੁਰੂ ਹੋ ਗਈ। ਅੱਗ ਸੇਕ ਰਹੇ ਲੋਕਾਂ ਨੇ ਰੌਲਾ ਪਾਇਆ। ਇਕੱਠੇ ਹੋਏ ਲੋਕਾਂ ਨੇ ਅੱਗ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਆਖਰ ’ਚ ਕਾਰ ਦੇ ਮਾਲਕ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਕਾਰ ਦੇ ਮਾਲਕ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣੀ ਸੁਰੂ ਕਰ ਦਿੱਤੀ।
ਕਾਰ ਨੂੰ ਜਿਵੇਂ ਹੀ ਅੱਗ ਲੱਗਣ ਦਾ ਰੌਲਾ ਪਇਆ ਤਾਂ ਲੋਕਾਂ ਵਿੱਚ ਭਾਜੜ ਪੈ ਗਈ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਸਵਿੱਫਟ ਕਾਰ ਦੇ ਮਾਲਕ ਮੁਤਾਬਕ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਥੇ ਅੱਗ ਕਿਸ ਵਿਅਕਤੀ ਨੇ ਲਾਈ ਸੀ, ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਜਦੋਂ ਲੋਕ ਅੱਗ ਸੇਕ ਰਹੇ ਸਨ ਤਾਂ ਅਚਾਨਕ ਹਵਾ ਚੱਲੀ ਤਾਂ ਉਸ ਦੀਆਂ ਚਿੰਗਾਰੀਆਂ ਕਾਰ ਵੱਲ ਚਲ ਗਈਆਂ ਸਨ, ਜਿਸ ਕਾਰਨ ਅੱਗ ਲੱਗੀ। ਹਾਲਾਂਕਿ, ਕਾਰ ਮਾਲਕ ਨੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਦੱਸ ਦੇਈਏ ਕਿ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਲੋਕ ਠੰਢ ਤੋਂ ਬਚਣ ਲਈ ਅੱਗ ਬਾਲ ਲੈਂਦੇ ਹਨ, ਜਿਸ ਨਾਲ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਹੋਣ ਦਾ ਖਦਸ਼ਾ ਹੈ।