ਜਲੰਧਰ: ਪਰਿਵਾਰ ਪਾਲਣ ਲਈ ਵਿਦੇਸ਼ ਜਾ ਕੇ ਫਸੀ ਇਕ ਹੋਰ ਔਰਤ ਆਪਣੇ ਮੁਲਕ ਪਰਤ ਆਈ ਹੈ। ਜਲੰਧਰ ਦੇ ਗੋਰਾਇਆ ਦੇ ਪਿੰਡ ਅੱਟੀ ਦੀ ਰਹਿਣ ਵਾਰੀ ਸੋਨੀਆ ਅੱਜ ਸਵੇਰੇ ਦਿੱਲੀ ਏਅਰਪੋਰਟ ਪੁੱਜ ਗਈ। ਬੁਜ਼ੁਰਗ ਔਰਤ ਸੋਨੀਆ ਦਾ ਵੀਡੀਓ ਕਰੀਬ ਦੋ ਹਫਤੇ ਪਹਿਲਾਂ ਵਾਇਰਲ ਹੋਇਆ ਸੀ ਜਿਸ 'ਚ ਉਹ ਸਰਕਾਰ ਨੂੰ ਮਦਦ ਦੀ ਗੁਹਾਰ ਲਾ ਰਹੀ ਸੀ।
ਵੀਡੀਓ 'ਚ ਸੋਨੀਆ ਕਹਿ ਰਹੀ ਸੀ ਕਿ ਉਸ ਨੂੰ ਇਕ ਕਮਰੇ 'ਚ ਬੰਦ ਕੀਤਾ ਹੋਇਆ ਹੈ। ਬਾਹਰ ਨਹੀਂ ਜਾਣ ਦਿੰਦੇ। ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਸੋਨੀਆ ਆਪਣੇ ਮੁਲਕ ਪਰਤੀ ਹੈ।
ਸੋਨੀਆ ਦੇ ਪਤੀ ਰਾਮ ਲਾਲ ਮਜ਼ਦੂਰੀ ਕਰਕੇ ਘਰ ਚਲਾਉਂਦੇ ਸਨ। ਇਕ ਹਾਦਸੇ 'ਚ ਉਸ ਦੇ ਪੈਰ 'ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਰਾਮ ਲਾਲ ਮਜ਼ਦੂਰੀ ਕਰਨ ਤੋਂ ਜਾਂਦਾ ਰਿਹਾ। ਇਸ ਤੋਂ ਬਾਅਦ ਤਿੰਨ ਕੁੜੀਆਂ ਦੀ ਮਾਂ ਸੋਨੀਆ ਨੇ ਦੁਬਈ ਜਾਣ ਦਾ ਫੈਸਲਾ ਲਿਆ ਸੀ। ਸੋਨੀਆ ਦੀ ਵੱਡੀ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ ਜਦਕਿ ਦੋ ਹਾਲੇ ਛੋਟੀਆਂ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਗੋਰਾਇਆ ਦੇ ਸੁਖਵਿੰਦਰ ਸਿੰਘ ਅਤੇ ਰਾਹੋਂ ਦੇ ਜਸਵੰਤ ਕੁਮਾਰ ਨੇ ਭਗਵੰਤ ਮਾਨ ਅਤੇ ਸੁਸ਼ਮਾ ਸਵਰਾਜ ਤੱਕ ਮਾਮਲਾ ਪਹੁੰਚਾਇਆ ਜਿਸ ਤੋਂ ਬਾਅਦ ਸੋਨੀਆ ਨੂੰ ਵਾਪਸ ਲਿਆਂਦਾ ਜਾ ਸਕਿਆ।