ਚੰਡੀਗੜ੍ਹ :ਸੰਗਰੂਰ ਦੇ ਨੌਜਵਾਨ ਪਰਮਿੰਦਰ ਸਿੰਘ ਉਰਫ਼ ਰਿੰਕੂ (32 ਦੀ ਆਸਟਰੇਲੀਆ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਬੀਤੇ ਸ਼ਨੀਵਾਰ ਨੂੰ ਉਹ ਟਰਾਲਾ ਲੈ ਕੇ ਬ੍ਰਿਸਬਨ ਤੋਂ ਮੈਲਬਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਤੇਜ਼ ਮੀਂਹ ਤੇ ਝੱਖੜ ਆ ਗਿਆ। ਇਸ ਕਾਰਨ ਪਹਾੜੀ ਇਲਾਕੇ ਵਿੱਚ ਟਰਾਲਾ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗਿਆ ਅਤੇ ਪਰਮਿੰਦਰ ਦੀ ਮੌਤ ਹੋ ਗਈ।
ਰਿੰਕੂ ਦਾ ਪਰਿਵਾਰ ਸ਼ਹਿਰ ਦੀ ਪੂਨੀਆਂ ਕਲੋਨੀ ਦਾ ਵਸਨੀਕ ਹੈ। ਖੁਰਾਕ ਸਪਲਾਈ ਮਹਿਕਮੇ ਤੋਂ ਸੇਵਾਮੁਕਤ ਤੇ ਜ਼ਮਹੂਰੀ ਲਹਿਰ ਵਿੱਚ ਕੰਮ ਰਹੇ ਪਿਤਾ ਹਰਦੇਵ ਸਿੰਘ ਰਾਠੀ ਨੇ ਦੱਸਿਆ ਕਿ ਰਿੰਕੂ ਦੇ ਦੋਸਤਾਂ ਨੇ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸਿਡਨੀ ਦੇ ਹਸਪਤਾਲ ਲਿਜਾਇਆ ਗਿਆ ਹੈ। ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਸੋਂ ਮੰਗ ਕੀਤੀ ਹੈ ਕਿ ਆਸਟਰੇਲੀਆ ਸਰਕਾਰ ਨਾਲ ਰਾਬਤਾ ਬਣਾ ਕੇ ਲਾਸ਼ ਨੂੰ ਜਲਦੀ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਰਿੰਕੂ 2008 ਵਿੱਚ ਆਸਟਰੇਲੀਆ ਗਿਆ ਸੀ। 2013 ਵਿੱਚ ਉਸ ਨੂੰ ਸਥਾਈ ਨਿਵਾਸ (ਪੀ.ਆਰ.) ਮਿਲ ਗਿਆ ਸੀ ਅਤੇ ਹੁਣ ਉਹ ਪੱਕੇ ਤੌਰ ’ਤੇ ਆਸਟਰੇਲੀਆ ਦੇ ਸ਼ਹਿਰ ਬ੍ਰਿਸਬਨ ਵਿੱਚ ਰਹਿ ਰਿਹਾ ਸੀ।