ਸ੍ਰੀ ਮੁਕਤਸਰ ਸਾਹਿਬ: ਆਬਕਾਰੀ ਵਿਭਾਗ ਤੇ ਪੰਜਾਬ ਪੁਲਿਸ ਦੀ ਟੀਮ ਨੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ’ਚ ਛਾਪਾ ਮਾਰ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਸ਼ਰਾਬ ਦਾ ਵੱਡੇ ਪਲਾਂਟ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਪਲਾਂਟ ਇੱਕ ਬਾਗ਼ ’ਚ ਚਲਾਇਆ ਜਾ ਰਿਹਾ ਸੀ। ਇੱਥੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਹ ਬਾਗ਼ ਪਰਮਜੀਤ ਸਿੰਘ ਲਾਲੀ ਬਾਦਲ ਦਾ ਦੱਸਿਆ ਜਾ ਰਿਹਾ ਹੈ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਹਨ। ਪਰਮਜੀਤ ਸਿੰਘ ਲਾਲੀ ਨੇ ਦੱਸਿਆ ਕਿ ਉਨ੍ਹਾਂ ਸਾਲ 2018 ’ਚ ਆਪਣਾ ਬਾਗ਼ ਸਾਲ 2018 ’ਚ ਇੱਕ ਪ੍ਰਾਈਵੇਟ ਕੰਪਨੀ ਨੂੰ ਪੱਟੇ (ਲੀਜ਼) ’ਤੇ ਦਿੱਤਾ ਸੀ। ‘ਮੈਂ ਉਸ ਪੱਟੇ ਦੇ ਦਸਤਾਵੇਜ਼ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ।’


ਆਬਕਾਰੀ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਨੇ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ ਤਿਆਰ ਕਰਨ ਵਾਲਾ ਇਹ ਗ਼ੈਰ ਕਾਨੂੰਨੀ ਪਲਾਂਟ ਬਾਗ਼ ਵਿੱਚ ਮੌਜੂਦ ਇੱਕ ਇਮਾਰਤ ਦੇ ਸੱਤ ਕਮਰਿਆਂ ’ਚ ਚਲਾਇਆ ਜਾ ਰਿਹਾ ਸੀ। ਦਰਅਸਲ, ਇਸ ਦੇ ਨਾਲ ਹੀ ਸ਼ਰਾਬ ਤਿਆਰ ਕਰਨ ਦਾ ਇੱਕ ਅਧਿਕਾਰਤ ਪਲਾਂਟ ਵੀ ਹੈ; ਇਹ ਗ਼ੈਰ ਕਾਨੂੰਨੀ ਪਲਾਂਟ ਉਸੇ ਅਧਿਕਾਰਤ ਪਲਾਂਟ ਦੇ ਨਾਂ ਨਾਲ ਹੀ ਚਲਾਇਆ ਜਾ ਰਿਹਾ ਸੀ।


ਛਾਪਾ ਮਾਰਨ ਵਾਲੀ ਟੀਮ ਨੇ ਦੱਸਿਆ ਕਿ ਇਸ ਗ਼ੈਰ ਕਾਨੂੰਨੀ ਪਲਾਂਟ ’ਚ 2,200 ਲਿਟਰ ‘ਐਕਸਟ੍ਰਾ ਨਿਊਟਰਲ ਅਲਕੋਹਲ’ (ENA), ਹਜ਼ਾਰਾਂ ਭਰੀਆਂ ਤੇ ਖ਼ਾਲੀ ਬੋਤਲਾਂ, ਜਾਅਲੀ ਹੋਲੋਗ੍ਰਾਮਜ਼, ਕੁਝ ਵੱਡੇ ਭਾਰਤੀ ਬ੍ਰਾਂਡਜ਼ ਦੇ ਢੱਕਣ ਤੇ ਡੱਬਿਆਂ ਦੇ ਨਾਲ-ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਸਿੱਕਿਮ, ਦਮਨ ਤੇ ਦੀਊ ਦੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ।


ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ENA ਸਪਲਾਈ ਸਨਿੱਚਰਵਾਰ ਨੂੰ ਸਪਲਾਈ ਕੀਤੀ ਜਾਵੇਗੀ। ਇਸੇ ਲਈ ਤੁਰੰਤ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਰਾਇਲ ਸ਼ੌਟ, ਇੰਪੀਰੀਅਲ ਗੋਲਡ, ਬਲੂ ਲੀਗੇਸੀ, ਬਲੂ ਕੈਟ ਤੇ ਬਿੱਗ ਬੈਰਲ ਜਹੇ ਬ੍ਰਾਂਡਜ਼ ਦੀਆਂ ਕੁਝ ਬੋਤਲਾਂ ਵੀ ਬਰਾਮਦ ਹੋਈਆਂ ਹਨ।


ਅਧਿਕਾਰੀ ਅਨੁਸਾਰ ਕੁਝ ਮਹਿੰਗੇ ਬ੍ਰਾਂਡਜ਼ ਦੀਆਂ ਖ਼ਾਲੀ ਬੋਤਲਾਂ ਵਿੱਚ ਗ਼ੈਰ ਕਾਨੂੰਨੀ ਸ਼ਰਾਬ ਭਰੀ ਜਾ ਰਹੀ ਸੀ। ਐਕਸਾਈਜ਼ ਕਮਿਸ਼ਨ ਰਜਤ ਅਗਰਵਾਲ ਨੇ ਇਸ ਛਾਪਾਮਾਰੀ ਦੀ ਅਗਵਾਈ ਕੀਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਗ਼ੈਰ ਕਾਨੂੰਨੀ ਬੌਟਲਿੰਗ ਪਲਾਂਟ ਦਾ ਅਕਾਊਂਟਸ ਮੈਨੇਜਰ ਆਨੰਦ ਸ਼ਰਮਾ ਨਿਵਾਸੀ ਬਠਿੰਡਾ, ਪ੍ਰਗਟ ਸਿੰਘ ਨਿਵਾਸੀ ਪਿੰਡ ਲਾਲਬਾਈ ਅਤੇ ਜਸ਼ਨ ਸਿੰਘ ਨਿਵਾਸੀ ਪਿੰਡ ਖਿਓਵਾਲੀ ਸ਼ਾਮਲ ਹਨ। ਲੰਬੀ ਪੁਲਿਸ ਥਾਣੇ ’ਚ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।


ਆਬਕਾਰੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਇਸ ਗ਼ੈਰ ਕਾਨੂੰਨੀ ਪਲਾਂਟ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਦੰਸਿਆ ਕਿ ਪਟਿਆਲਾ ਤੇ ਲੁਧਿਆਣਾ ਸਮੇਤ ਪੰਜਾਬ ਦੇ ਹੋਰ ਭਾਗਾਂ ਵਿੱਚ ਵੀ ਪਹਿਲਾਂ ਸ਼ਰਾਬ ਦੇ ਅਜਿਹੇ ਕਈ ਗ਼ੈਰ ਕਾਨੂੰਨੀ ਪਲਾਂਟ ਫੜੇ ਜਾ ਚੁੱਕੇ ਹਨ।


ਇਹ ਵੀ ਪੜ੍ਹੋ: Petrol-Diesel Price: ਤੇਲ ਕੰਪਨੀਆਂ ਨੇ ਫਿਰ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904